ਧੁੰਦ ਕਾਰਨ ਬਰਨਾਲਾ 'ਚ ਵਾਪਰਿਆ ਵੱਡਾ ਸੜਕ ਹਾਦਸਾ, 6 ਜ਼ਖ਼ਮੀ ਅਤੇ ਇਕ ਲੜਕੀ ਦੀ ਮੌਤ
ਸੰਘਣੀ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾਏ
ਬਰਨਾਲਾ: ਬਰਨਾਲਾ ਵਿੱਚ ਸੰਘਣੀ ਧੁੰਦ ਕਾਰਨ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿੱਚ ਕਈ ਵਾਹਨ ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ 6 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਇਕ ਲੜਕੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਕ ਇੱਟਾਂ ਨਾਲ ਭਰੀ ਟਰਾਲੀ ਜਦੋਂ ਲਿੰਕ ਰੋਡ ਉੱਪਰ ਚੜ੍ਹ ਰਹੀ ਸੀ ਤਾਂ ਧੁੰਦ ਹੋਣ ਕਾਰਨ ਬੱਸ ਦੀ ਟੱਕਰ ਹੋ ਗਈ। ਇਸੇ ਦੌਰਾਨ ਬੱਸ ਦੇ ਪਿੱਛੇ ਆ ਰਿਹਾ ਟਰਾਲਾ ਅਤੇ ਕਾਰਾਂ ਵੀ ਪਿੱਛੇ ਆ ਕੇ ਟਕਰਾ ਗਈਆਂ।
ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਬੱਸ ਵਿੱਚ ਬੈਠੀਆਂ 6 ਸਵਾਰੀਆਂ ਜ਼ਖ਼ਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਇਕ ਲੜਕੀ ਬੱਸ ਸਟੈਂਡ ਉੱਤੇ ਬੱਸ ਦੀ ਉਡੀਕ ਕਰ ਰਹੀ ਸੀ ਅਤੇ ਉਹ ਟਰਾਲੇ ਦੀ ਲਪੇਟ ਵਿੱਚ ਆ ਗਈ ਤੇ ਉਸ ਦੀ ਮੌਤ ਹੋ ਗਈ।ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੇ ਕਿਹਾ ਕਿ ਲੜਕੀ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ।