ਰਵਨੀਤ ਸਿੰਘ ਬਿੱਟੂ ਨੇ ਮੁੜ ਕਿਸਾਨਾਂ ਨੂੰ ਕੀਤੀ ਗੱਲਬਾਤ ਦੀ ਪੇਸ਼ਕਸ਼, ਜਾਣੋ ਕੀ ਬੋਲੇ ਕਿਸਾਨਾਂ ਦੀਆਂ ਮੰਗਾਂ ਬਾਰੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ’ਚ ਟਮਾਟਰ ਦੇ ਉਤਪਾਦਨ, ਪ੍ਰੋਸੈਸਿੰਗ ਨੂੰ ਹੁਲਾਰਾ ਦੇਣ ਲਈ ਹੋਵੇਗਾ ਵਿਚਾਰ-ਵਟਾਂਦਰਾ 

Ravneet Singh Bittu

ਰਾਜਪੁਰਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਕ ਵਾਰੀ ਫਿਰ ਕਿਸਾਨਾਂ ਨੂੰ ਅਪਣੇ ਨਾਲ ਗੱਲਬਾਤ ਕਰਨ ਲਈ ਆਉਣ ਦੀ ਅਪੀਲ ਕੀਤੀ ਹੈ ਤਾਕਿ ਉਹ ਕੇਂਦਰ ਸਰਕਾਰ ਨਾਲ ਗੱਲ ਕਰ ਕੇ ਇਸ ਮਸਲੇ ਦਾ ਹੱਲ ਕਢਿਆ ਜਾ ਸਕੇ। ਇਕ ਨਿਜੀ ਚੈਨਲ ਨੂੰ ਦਿਤੇ ਬਿਆਨ ਅਨੁਸਾਰ ਉਨ੍ਹਾਂ ਕਿਹਾ, ‘‘ਮੈਂ ਤਾਂ ਹੱਥ ਜੋੜ-ਜੋੜ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਆਉ। ਕੋਈ ਛੋਟਾ ਨੁਮਾਇੰਦਾ ਹੀ ਭੇਜ ਦਿਉ ਜੇ ਤੁਹਾਨੂੰ ਮੇਰਾ ਕੱਦ ਛੋਟਾ ਲਗਦਾ ਹੈ।’’ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਥਿਤੀ ਚਿੰਤਾਜਨਕ ਹੈ, ਇਸ ਲਈ ਇਸ ਮਸਲੇ ਦਾ ਛੇਤੀ ਹੱਲ ਕੱਢਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆ ਨੂੰ ਵੀ ਇਕਜੁਟ ਹੋ ਕੇ ਡੱਲੇਵਾਲ ਨਾਲ ਖੜੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਕਿਸਾਨ ਆਗੂਆਂ ਨੇ ਮੇਰੀ ਗੱਲ ਨਹੀਂ ਮੰਨੀ, ਇਸ ਕਾਰਨ ਮੈਂ ਖ਼ੁਦ ਨੂੰ ਬੇਵੱਸ ਮਹਿਸੂਸ ਕਰਦਾ ਹਾਂ।’’ 

ਇਸ ਤੋਂ ਇਲਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਐਚ.ਯੂ.ਐਲ. ਸਾਂਝੇ ਤੌਰ ’ਤੇ ਪੰਜਾਬ ’ਚ ਟਮਾਟਰ ਉਤਪਾਦਨ ਅਤੇ ਪੇਸਟ ਨਿਰਮਾਣ ਵਧਾਉਣ ਲਈ ਵਿਚਾਰ-ਵਟਾਂਦਰਾ ਕਰਨਗੇ। 

ਮੰਤਰੀ ਨੇ ਇਹ ਐਲਾਨ ਪੰਜਾਬ ਦੇ ਰਾਜਪੁਰਾ ’ਚ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐਚ.ਯੂ.ਐਲ.) ਪਲਾਂਟ ਦੇ ਦੌਰੇ ਦੌਰਾਨ ਕੀਤਾ। ਉਨ੍ਹਾਂ ਨੇ ਟਮਾਟਰ ਦੀ ਕਾਸ਼ਤ ’ਚ ਸੂਬੇ ਦੀ ਅਣਵਰਤੀ ਸਮਰੱਥਾ ਬਾਰੇ ਗੱਲ ਕੀਤੀ। ਰਾਜਪੁਰਾ ਦੇ ਐਚ.ਯੂ.ਐਲ. ਪਲਾਂਟ ’ਚ ਕੈਚੱਪ ਉਤਪਾਦਨ ਲਈ ਸਾਲਾਨਾ 11,423 ਟਨ ਟਮਾਟਰ ਪੇਸਟ ਦੀ ਲੋੜ ਹੁੰਦੀ ਹੈ, ਪਰ ਇਸ ਸਮੇਂ ਪੰਜਾਬ ਤੋਂ ਸਿਰਫ 50 ਟਨ ਟਮਾਟਰ ਮੰਗਵਾਇਆ ਜਾਂਦਾ ਹੈ। 

ਬਿੱਟੂ ਨੇ ਕਿਹਾ, ‘‘ਪੰਜਾਬ ਦੇ ਕਿਸਾਨ ਭਾਰਤ ’ਚ ਸੱਭ ਤੋਂ ਵਧੀਆ ਰੰਗ ਕੁਆਲਿਟੀ ਵਾਲੇ ਟਮਾਟਰ ਪੈਦਾ ਕਰਦੇ ਹਨ, ਜਿਵੇਂ ਕਿ ਐਚ.ਯੂ.ਐਲ. ਰਾਜਪੁਰਾ ਨੇ ਪੁਸ਼ਟੀ ਕੀਤੀ ਹੈ। ਫਿਰ ਵੀ, ਅਸੀਂ ਕੁਲ ਜ਼ਰੂਰਤ ਦਾ ਸਿਰਫ ਦੋ ਫ਼ੀ ਸਦੀ ਸਪਲਾਈ ਕਰਦੇ ਹਾਂ। ਵਾਜਬ ਕੀਮਤਾਂ ਯਕੀਨੀ ਹੋਣ ਨਾਲ, ਸਾਡੇ ਕਿਸਾਨ ਉਤਪਾਦਨ ’ਚ ਮਹੱਤਵਪੂਰਨ ਵਾਧਾ ਕਰ ਸਕਦੇ ਹਨ।’’

ਮੰਤਰੀ ਨੇ ਸਥਾਨਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਕੌਮਾਂਤਰੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਹਾਈਬ੍ਰਿਡ ਟਮਾਟਰ ਬੀਜ ਵਿਕਸਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ। 

ਮਹਾਰਾਸ਼ਟਰ ਦੇ ਮਜ਼ਬੂਤ ਟਮਾਟਰ ਪ੍ਰੋਸੈਸਿੰਗ ਸੈਕਟਰ ਨਾਲ ਤੁਲਨਾ ਕਰਦਿਆਂ ਬਿੱਟੂ ਨੇ ਸਵਾਲ ਕੀਤਾ ਕਿ ਪੰਜਾਬ ਅਜਿਹੀ ਸਫਲਤਾ ਕਿਉਂ ਨਹੀਂ ਹਾਸਲ ਕਰ ਸਕਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਪੰਜਾਬ ਦੇ ਟਮਾਟਰ ਕਿਸਾਨਾਂ ਨੂੰ ਪੂਰਾ ਸਹਿਯੋਗ ਦੇਵੇਗੀ। ਅਧਿਕਾਰੀਆਂ ਨੇ ਦਸਿਆ ਕਿ ਇਸ ਪਹਿਲ ਕਦਮੀ ਦਾ ਉਦੇਸ਼ ਸਰਕਾਰੀ ਅਦਾਰਿਆਂ ਅਤੇ ਨਿੱਜੀ ਖੇਤਰ ਦਰਮਿਆਨ ਤਾਲਮੇਲ ਪੈਦਾ ਕਰਨਾ ਹੈ ਤਾਂ ਜੋ ਟਮਾਟਰ ਉਤਪਾਦਨ ਅਤੇ ਪ੍ਰੋਸੈਸਿੰਗ ’ਚ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕੇ।