ਚਾਈਨਾ ਡੋਰ ਵਿਕਰੀ ਦੀ ਰੋਕਥਾਮ ਲਈ ਪੁਲਿਸ ਵੱਲੋਂ ਦੁਕਾਨਾਂ ਦੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਛੱਤਾਂ ’ਤੇ ਚੜ੍ਹ ਕੇ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ ਦੀ ਕੀਤੀ ਜਾਵੇਗੀ ਜਾਂਚ

Police inspect shops to prevent China door sales

ਸਮਰਾਲਾ: ਸਮਰਾਲਾ ਪੁਲਿਸ ਵਲੋਂ ਅੱਜ ਚਾਈਨਾ ਡੋਰ ਵਿਕਰੀ ਦੀ ਰੋਕਥਾਮ ਸਬੰਧੀ ਦੁਕਾਨਾਂ ’ਤੇ ਜਾ ਕੇ ਅਚਨਚੇਤ ਚੈਕਿੰਗ ਕੀਤੀ ਗਈ, ਜਿੱਥੇ ਕੋਈ ਵੀ ਇਤਰਾਜ਼ਯੋਗ ਡੋਰ ਨਹੀਂ ਮਿਲੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਕਿਹਾ ਕਿ ਐੱਸਐੱਸਪੀ ਡਾ. ਜੋਤੀ ਯਾਦਵ ਦੇ ਸਖ਼ਤ ਨਿਰਦੇਸ਼ ਹਨ ਕਿ ਸਮਰਾਲਾ ਇਲਾਕੇ ਵਿਚ ਚਾਈਨਾ ਡੋਰ ਦੀ ਵਿਕਰੀ ਬਿਲਕੁਲ ਵੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਡੋਰ ਵਿਕਰੀ ਦੀ ਰੋਕਥਾਮ ਲਈ ਕੁਝ ਦੁਕਾਨਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ ਹੈ।

ਥਾਣਾ ਮੁਖੀ ਨੇ ਕਿਹਾ ਕਿ ਇਹ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਅਤੇ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਕਾਬੂ ਪਾਇਆ ਗਿਆ, ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਚਾਈਨਾ ਡੋਰ ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂ, ਪੰਛੀਆਂ ਲਈ ਵੀ ਘਾਤਕ ਹੈ, ਕਿਉਂਕਿ ਇਸ ਨਾਲ ਵਿਅਕਤੀ ਦੀ ਮੌਤ ਤੱਕ ਵੀ ਹੋ ਸਕਦੀ ਹੈ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਤੰਗਬਾਜ਼ੀ ਕਰਨ ਲਈ ਚਾਈਨਾ ਡੋਰ ਬਿਲਕੁਲ ਨਾ ਲੈ ਕੇ ਦੇਣ।

ਉਨ੍ਹਾਂ ਕਿਹਾ ਕਿ ਕੁਝ ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਮੁਹੱਲਿਆਂ ਵਿਚ 1-2 ਵਿਅਕਤੀ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ, ਜਿਨ੍ਹਾਂ ’ਤੇ ਪੁਲਿਸ ਵਲੋਂ ਹੁਣ ਬਾਜ਼ ਅੱਖ ਰੱਖੀ ਜਾਵੇਗੀ, ਜਿਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਥਾਣਾ ਮੁਖੀ ਨੇ ਨਾਲ ਇਹ ਵੀ ਚਿਤਾਵਨੀ ਦਿੱਤੀ ਕਿ ਪੁਲਿਸ ਵਲੋਂ ਛੱਤਾਂ ’ਤੇ ਚੜ੍ਹ ਕੇ ਪਤੰਗਬਾਜ਼ੀ ਕਰਨ ਵਾਲੇ ਬੱਚਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਬੱਚਾ ਚਾਈਨਾ ਡੋਰ ਨਾਲ ਪਤੰਗ ਚੜ੍ਹਾਉਂਦਾ ਕਾਬੂ ਆਇਆ, ਤਾਂ ਉਸ ਦੇ ਮਾਪਿਆਂ ਅਤੇ ਜਿੱਥੋਂ ਉਹ ਡੋਰ ਖਰੀਦ ਕੇ ਲੈ ਕੇ ਆਇਆ, ਉਸ ਖਿਲਾਫ਼ ਵੀ ਮਾਮਲਾ ਦਰਜ ਹੋਵੇਗਾ।