ਭਗਵੰਤ ਮਾਨ ਦੇ ਯਤਨਾਂ ਸਦਕਾ ਆਰਮੀਨੀਆ 'ਚ ਫਸੇ ਚਾਰ ਪੰਜਾਬੀ ਭਾਰਤ ਪਰਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਕੇ ਆਰਮੀਨੀਆ ਪਹੁੰਚੇ ਪੰਜਾਬੀ ਨੌਜਵਾਨਾਂ ਨੂੰ ਤੋਂ ਵਾਪਸ ਭਾਰਤ ਲਿਆਉਣ ਦੀਆਂ ਭਗਵੰਤ ਮਾਨ ਵਲੋਂ ਕੀਤੇ.....

Bhagwant Mann

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਕੇ ਆਰਮੀਨੀਆ ਪਹੁੰਚੇ ਪੰਜਾਬੀ ਨੌਜਵਾਨਾਂ ਨੂੰ ਤੋਂ ਵਾਪਸ ਭਾਰਤ ਲਿਆਉਣ ਦੀਆਂ ਭਗਵੰਤ ਮਾਨ ਵਲੋਂ ਕੀਤੇ ਯਤਨਾਂ ਨੂੰ ਅੱਜ ਬੂਰ ਪੈ ਹੀ ਗਿਆ। ਰੁਜ਼ਗਾਰ ਅਤੇ ਰੋਜ਼ੀ-ਰੋਟੀ ਦਾ ਜੁਗਾੜ ਕਰਨ ਦੇ ਮਕਸਦ ਨਾਲ ਪੰਜਾਬ ਦੇ ਧੋਖੇਬਾਜ਼ ਏਜੰਟਾਂ ਦੀ ਮਦਦ ਨਾਲ ਬਾਹਰਲੇ ਮੁਲਕ ਆਰਮੀਨੀਆ ਵਿਖੇ ਪਹੁੰਚੇ 4 ਨੌਜਵਾਨਾਂ ਨੇ ਜਦੋਂ ਅਪਣੀ ਦੁੱਖ ਭਰੀ ਕਹਾਣੀ ਸੋਸ਼ਲ ਮੀਡੀਆ ਰਹੀਆਂ ਭਗਵੰਤ ਮਾਨ ਨੂੰ ਸੁਣਾਈ ਤਾਂ ਉਨ੍ਹਾਂ ਤੁਰਤ ਕਾਰਵਾਈ ਕਰਦਿਆਂ ਕਰੀਬ 3-4 ਦਿਨਾਂ ਵਿਚ ਹੀ ਉਕਤ ਚਾਰ ਨੌਜਵਾਨਾਂ ਨੂੰ ਸਹੀ ਸਲਾਮਤ ਭਾਰਤ ਉਨ੍ਹਾਂ ਦੇ ਪਰਵਾਰਾਂ ਨਾਲ ਮਿਲਾ ਦਿਤਾ।

ਭਗਵੰਤ ਮਾਨ ਖ਼ੁਦ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨਾਲ ਨੌਜਵਾਨਾਂ ਨੂੰ ਦਿੱਲੀ ਏਅਰਪੋਰਟ 'ਤੇ ਲੈਣ ਲਈ ਪਹੁੰਚੇ। ਪਰਵਾਰਕ ਮੈਂਬਰਾਂ ਨੇ ਭਗਵੰਤ ਮਾਨ ਨੂੰ ਅਪਣਾ ਮਸੀਹਾ ਦਸਦਿਆਂ ਉਨ੍ਹਾਂ ਨੂੰ ਢੇਰ ਸਾਰੀਆਂ ਦੁਆਵਾਂ ਦਿੰਦੇ ਅਤੇ ਵਾਰ-ਵਾਰ ਹੱਥ ਜੋੜ ਉਨ੍ਹਾਂ ਦਾ ਧਨਵਾਦ ਕਰਦੇ ਨਜ਼ਰ ਆਏ। 'ਆਪ' ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਸਰਗਰਮ ਅਤੇ ਖੁਲ੍ਹੇਆਮ ਕੰਮ ਕਰ ਰਹੇ ਫ਼ਰਜ਼ੀ ਟਰੈਵਲ ਏਜੰਟਾਂ ਨੇ ਪੈਸਿਆਂ ਦੇ ਲਾਲਚ ਵਿਚ ਉਕਤ ਚਾਰ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਉਨ੍ਹਾਂ ਨਾਲ ਝੂਠਾ ਵਾਅਦਾ ਕੀਤਾ ਸੀ

ਕਿ ਉਨ੍ਹਾਂ ਨੂੰ ਵਿਦੇਸ਼ ਵਿਚ ਮੋਟੀ ਤਨਖ਼ਾਹ ਅਤੇ ਵਰਕ ਪਰਮਿਟ ਮਿਲੇਗਾ ਅਤੇ  ਧੋਖੇ ਨਾਲ ਉਨ੍ਹਾਂ ਨੂੰ ਆਰਮੀਨੀਆ ਵਿਖੇ ਭੇਜ ਦਿਤਾ। ਪਰੰਤੂ ਅਫਸੋਸ ਉਥੇ ਜਾ ਕੇ ਏਜੰਟ ਅਪਣੇ ਵਾਅਦੇ ਤੋਂ ਮੁਕਰ ਗਏ, ਸਗੋਂ ਵਿਰੋਧ ਕਰਨ 'ਤੇ ਇਨ੍ਹਾਂ ਨੌਜਵਾਨਾਂ ਦੀ ਕੁੱਟਮਾਰ ਕਰਕੇ ਇਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ। ਕਾਫੀ ਸਮੇਂ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਬੀਤੇ ਕੁੱਝ ਦਿਨ ਪਹਿਲਾਂ ਕੋਈ ਰਸਤਾ ਨਾ ਨਿਕਲਦਾ ਵੇਖ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਤੋਂ ਮਦਦ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਭਗਵੰਤ ਮਾਨ ਨੇ ਵਿਦੇਸ਼ ਮੰਤਰਾਲੇ ਤਕ ਪਹੁੰਚ ਕਰ ਕੇ ਨੌਜਵਾਨਾਂ ਨੂੰ ਭਾਰਤ ਵਾਪਸ ਬੁਲਾਉਣ ਮੁਹਿੰਮ ਸ਼ੁਰੂ ਕਰ ਦਿਤੀ।

ਭਗਵੰਤ ਮਾਨ ਨੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਦਾ ਧਨਵਾਦ ਕੀਤਾ ਜਿਨ੍ਹਾਂ ਦੇ ਬਣਾਏ ਦਬਾਅ ਕਾਰਨ ਹੀ ਦੋਸ਼ੀ ਟਰੈਵਲ ਏਜੰਟਾਂ ਵਿਰੁਧ ਮਾਮਲਾ ਦਰਜ ਹੋਇਆ ਹੈ। ਪਰ ਸਮੱਸਿਆ ਦੇ ਪੱਕੇ ਹੱਲ ਲਈ ਇਹ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ (ਭਗਵੰਤ) ਜਾਂ ਵਿਦੇਸ਼ ਮੰਤਰਾਲਾ ਕਿੰਨੇ ਕੁ ਪੀੜਤ ਨੌਜਵਾਨਾਂ ਨੂੰ ਬਚਾ ਲੈਣਗੇ? ਇਸ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਨੂੰ ਫ਼ਰਜ਼ੀ ਅਤੇ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁਧ ਮੁਹਿੰਮ ਵਿੱਢਣੀ ਪਵੇਗੀ ਅਤੇ ਅਪਣੇ ਚੋਣ ਵਾਅਦੇ ਅਨੁਸਾਰ ਪੰਜਾਬ 'ਚ ਰੁਜ਼ਗਾਰ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਪੈਣਗੇ।