ਨਕੋਦਰ ਬੇਅਦਬੀ ਕਾਂਡ ਦੀ 33 ਬਰਸੀ ਮੌਕੇ ਸਿੱਖ ਜੱਥੇਬੰਦੀਆਂ ਵੱਲੋਂ ਜਾਂਚ ਰਿਪੋਰਟ ਜਨਤਕ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪ ਵਿਧਾਨ ਸਭਾ ਵਿੱਚ ਉਠਾਏਗੀ ਮੁੱਦਾ- ਕੁਲਤਾਰ ਸਿੰਘ ...

Sikh organization

ਜਲੰਧਰ : ਨਕੋਦਰ ਬੇਅਦਬੀ ਕਾਂਡ ਵਿੱਚ  4 ਫਰਵਰੀ 1986 ਨੂੰ ਪੁਲੀਸ ਦੀਆਂ ਗੋਲੀਆਂ ਨਾਲ ਮਾਰੇ ਚਾਰ ਸਿੱਖ ਨੌਜਵਾਨਾਂ ਰਵਿੰਦਰ ਸਿੰਘ, ਹਰਮਿੰਦਰ ਸਿੰਘ, ਝਿਲਮਣ ਸਿੰਘ ਤੇ ਬਲਧੀਰ ਸਿੰਘ ਦੀ 33 ਬਰਸੀ ਅੱਜ ਪਿੰਡ ਲਿੱਤਰਾਂ ਵਿੱਚ ਮਨਾਈ ਗਈ।ਵੱਖ-ਵੱਖ ਸਿੱਖ ਜੱਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਬੁਲਾਰਿਆਂ ਨੇ ਇੱਕਜੁਟ ਹੁੰਦਿਆ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਆਉਂਦੇ ਬਜੱਟ ਸ਼ੈਸ਼ਨ ਵਿੱਚ ਉਹ  ਉਸ ਵੇਲੇ ਬਣਾਏ ਗਏ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਰੱਖਣ ।

ਬੁਲਾਰਿਆਂ ਨੇ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਦੇਸ਼ ਵਿਰੁੱਧ ਜੰਗ ਛੇੜਨ ਦੇ ਮਾਮਲੇ ਵਿੱਚ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਵੀ ਹਾਈਕੋਰਟ ਵਿੱਚ ਚਣੌਤੀ ਦੇਣ ਦਾ ਐਲਾਨ ਕੀਤਾ। ਆਮ ਆਦਮੀ ਪਾਰਟੀ ਦੇ ਕੋਟਕਪੂਰੇ ਤੋਂ ਵਿਧਾਇਕ ਕੁਲਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਕੋਦਰ ਬੇਅਦਬੀ ਕਾਂਡ ਦੇ ਮੁੱਦੇ ਨੂੰ ਪੂਰੀ ਸੰਜੀਦਗੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਉਠਾਏਗੀ। ਕੈਪਟਨ ਸਰਕਾਰ ਨੂੰ ਇਸ ਗੱਲ ਲਈ ਮਜ਼ਬੂਰ ਕਰੇਗੀ ਕਿ ਉਹ ਬਜੱਟ ਸ਼ੈਸ਼ਨ ਵਿੱਚ ਹੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਪੇਸ਼ ਕਰਨ।

ਸਰਬੱਤ ਖਾਲਸਾ ਵੱਲੋਂ ਬਣਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿੱਚ ਆਏ ਦੋ ਮੈਂਬਰਾਂ ਪ੍ਰੋ: ਬਲਜਿੰਦਰ ਸਿੰਘ ਤੇ ਨਰਾਇਣ ਸਿੰਘ ਚੋੜਾ ਨੇ ਮੰਗ ਕੀਤੀ ਕਿ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ ਨਹੀਂ ਤਾਂ ਪੰਜ ਮੈਂਬਰੀ ਕਮੇਟੀ ਇਸ ਰਿਪੋਰਟ ਨੂੰ ਜਨਤਕ ਕਰਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਵੇਗੀ।ਉਨ੍ਹਾਂ ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਿਹਾ ਕਿ ਉਹ ਆਪਣੇ ਪਿੰਡ ਰਾਮਗੜ੍ਹ ਦੇ ਹੀ ਇਸ ਕਾਂਡ ਵਿੱਚ ਸ਼ਹੀਦ ਹੋਏ ਬਲਧੀਰ ਸਿੰਘ ਦੇ ਮਾਮਲੇ ਨੂੰ ਵੀ ਵਿਧਾਨ ਸਭਾ ਵਿੱਚ ਉਠਾਉਣ।

ਪਿੰਡ ਲਿੱਤਰਾਂ ਦੇ ਨੌਜਵਾਨ ਸਰਪੰਚ ਰਪਿੰਦਰ ਸਿੰਘ ਨੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਹੁਣ ਇਸ ਮਾਮਲੇ ਨੂੰ ਠੰਡਾ ਨਾ ਪੈਣ ਦੇਣ।ਉਨ੍ਹਾਂ ਕਿਹਾ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਲਈ ਸ਼ਹੀਦ ਹੋਏ ਇੰਨ੍ਹਾਂ ਚਾਰ ਸਿੱਖ ਨੌਜਵਾਨਾਂ ਵਿੱਚੋਂ ਭਾਈ ਰਵਿੰਦਰ ਸਿੰਘ ਉਨ੍ਹਾਂ ਦੇ ਪਿੰਡ ਦਾ ਹੀ ਸੀ। ਭਾਈ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਹਰ ਸਾਲ ਇੱਥੇ ਆ ਕੇ ਇੰਨ੍ਹਾਂ ਸਿੱਖ ਨੌਜਵਾਨਾਂ ਦੀਆਂ ਬਰਸੀਆਂ ਮਨਾਉਂਦੇ ਹਨ।

ਇਸ ਮੌਕੇ  ਸ਼ਹੀਦ ਹੋਏ ਤਿੰਨ ਸਿੱਖ ਨੌਜਵਾਨਾਂ ਦੀਆਂ ਭੈਣਾਂ ਨੂੰ ਵੀ ਬਲਦੇਵ ਸਿੰਘ ਲਿੱਤਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਦੀ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ। ਬਲਦੇਵ ਸਿੰਘ ਲਿੱਤਰਾਂ ਨੇ ਕਿਹਾ ਕਿ  ਮਰਹੂਮ ਜੱਥੇਦਾਰ ਕੁਲਦੀਪ ਸਿੰਘ ਵਡਾਲਾ  ਨੂੰ ਛੱਡਕੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਆਗੂ ਉਨ੍ਹਾਂ ਦੇ ਘਰ ਦੁੱਖ ਸਾਂਝਾ ਕਰਨ ਨਹੀਂ ਆਇਆ ਸੀ।

ਨਕੋਦਰ ਵਿਚ 1986 ਦੌਰਾਨ ਜਲੰਧਰ ‘ਚ ਐਸ.ਐਸ.ਪੀ ਰਹੇ ਇਜ਼ਹਾਰ ਆਲਮ ਅਤੇ ਵਧੀਕ ਡਿਪਟੀ ਕਮਿਸ਼ਨਰ ਰਹੇ ਦਰਬਾਰਾ ਸਿੰਘ ਗੁਰੂ ਨੇ ਇੰਨ੍ਹਾਂ ਸਿੱਖ ਨੌਜਵਾਨਾਂ ਨੂੰ ਪੁਲੀਸ ਵੱਲੋਂ  ਗੋਲੀਆਂ ਮਾਰੇ ਜਾਣ ਦੇ ਮਾਮਲੇ ‘ਚ  ਕੋਈ ਇਨਸਾਫ਼ ਵਾਲੀ ਭੂਮਿਕਾ ਨਹੀਂ ਸੀ ਨਿਭਾਈ। ਹੁਣ ਇਹ ਦੋਵੇਂ ਸਾਬਕਾ ਅਧਿਕਾਰੀ  ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡੇ ਅਹੁਦਿਆਂ ‘ਤੇ ਬੈਠੇ ਹਨ।ਇਸ ਮੌਕੇ ਦਲ ਖਾਲਸਾ ਦੇ ਆਗੂ  ਹਰਚਰਨ ਸਿੰਘ ਧਾਮੀ,ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਸਮੇਤ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।