ਜੇਲਾਂ ਵਿਚ ਸਹਿਕਾਰਤਾ ਅਦਾਰਿਆਂ ਦੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜੇਲਾਂ ਅਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਪੈਂਦੀਆਂ ਸਾਰੀਆਂ

Sukhjinder Singh Randhawa

ਲੁਧਿਆਣਾ : ਪੰਜਾਬ ਦੇ ਜੇਲਾਂ ਅਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਪੈਂਦੀਆਂ ਸਾਰੀਆਂ ਕੇਂਦਰੀ ਜੇਲਾਂ ਵਿਚ ਜਲਦ ਹੀ ਮਾਰਕਫ਼ੈੱਡ ਸਮੇਤ ਹੋਰ ਸਹਿਕਾਰਤਾ ਅਦਾਰਿਆਂ ਦੇ ਆਊਟਲੈੱਟ (ਵਿਕਰੀ) ਕੇਂਦਰ ਖੋਲ੍ਹੇ ਜਾਣਗੇ ਤਾਂ ਜੋ ਸਹਿਕਾਰਤਾ ਵਿਭਾਗ ਦੇ ਉਤਪਾਦਾਂ ਦੀ ਪਹੁੰਚ ਹਰੇਕ ਵਿਅਕਤੀ ਤਕ ਯਕੀਨੀ ਬਣਾਉਣ ਦੇ ਨਾਲ-ਨਾਲ ਕੈਦੀਆਂ ਨੂੰ ਉੱਚ ਗੁਣਵੱਤਾ ਵਾਲੇ ਖਾਧ ਪਦਾਰਥ ਮੁਹੱਈਆ ਕਰਵਾਏ ਜਾ ਸਕਣ। ਅੱਜ ਉਹ ਸਥਾਨਕ ਕੇਂਦਰੀ ਜੇਲ ਵਿਚ ਵੇਰਕਾ ਅਤੇ ਮਾਰਕਫ਼ੈੱਡ ਵਲੋਂ ਖੋਲ੍ਹੇ ਗਏ ਵਿਕਰੀ ਕੇਂਦਰ ਅਤੇ ਉਡੀਕ ਘਰ ਦਾ ਉਦਘਾਟਨ ਕਰਨ ਲਈ

ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਹਰੇਕ ਜੇਲ ਵਿਚ ਵੇਰਕਾ, ਮਾਰਕਫ਼ੈੱਡ ਅਤੇ ਮਿਲਕਫ਼ੈੱਡ ਅਦਾਰਿਆਂ ਦੇ ਵਿਕਰੀ ਕੇਂਦਰ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਸਹਿਕਾਰਤਾ ਵਿਭਾਗ ਦੇ ਉਤਪਾਦਾਂ ਨੂੰ ਹਰੇਕ ਵਰਗ ਦੇ ਲੋਕਾਂ ਤੱਕ ਪਹੁੰਚਾਉਣ ਵਿਚ ਸਹਾਇਤਾ ਮਿਲੇਗੀ, ਉਥੇ ਹੀ ਜੇਲ ਵਿਚ ਬੰਦ ਵਿਅਕਤੀਆਂ ਨੂੰ ਤੰਦਰੁਸਤ ਜੀਵਨ ਵੀ ਪ੍ਰਦਾਨ ਕੀਤਾ ਜਾਵੇਗਾ। 
ਉਨ੍ਹਾਂ ਕਿਹਾ ਕਿ ਜੇਲ ਵਿਭਾਗ ਵਲੋਂ ਹਰੇਕ ਜੇਲ ਵਿਚ ਉਡੀਕ ਘਰ ਬਣਾਏ ਜਾ ਰਹੇ ਹਨ। ਵੇਖਣ ਵਿਚ ਆਇਆ ਸੀ ਕਿ ਜਦੋਂ ਕੈਦੀਆਂ

ਜਾਂ ਹਵਾਲਾਤੀਆਂ ਦੇ ਕਰੀਬੀ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਸਨ ਤਾਂ ਉਨ੍ਹਾਂ ਨੂੰ ਉਡੀਕ ਕਰਨ ਸਮੇਂ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਨ੍ਹਾਂ ਉਡੀਕ ਘਰ ਦੇ ਬਣਨ ਨਾਲ ਇਹ ਪ੍ਰੇਸ਼ਾਨੀ ਮੁਕੰਮਲ ਤੌਰ 'ਤੇ ਖ਼ਤਮ ਹੋ ਜਾਵੇਗੀ। ਪੱਤਰਕਾਰਾਂ ਵਲੋਂ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਵਿੱਚ ਜਲਦ ਹੀ ਖਾਲੀ ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਅਗਲੇ 6 ਮਹੀਨੇ ਵਿੱਚ ਹਰ ਪੱਧਰ ਦੀਆਂ 550 ਆਸਾਮੀਆਂ ਭਰੀਆਂ ਜਾਣਗੀਆਂ, ਜਿਸ ਲਈ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਜੇਲ ਵਿਭਾਗਾਂ ਦੀਆਂ ਲੋੜਾਂ ਬਾਰੇ ਉੱਕਾ ਵੀ ਧਿਆਨ ਨਹੀਂ ਦਿਤਾ ਜਾ ਰਿਹਾ ਹੈ,

ਇਥੋਂ ਤਕ ਕਿ ਪਿਛਲੇ ਸਮੇਂ ਦੌਰਾਨ ਕੇਂਦਰ ਸਰਕਾਰ ਵੱਲੋਂ ਕੋਈ ਮੀਟਿੰਗ ਤਕ ਵੀ ਨਹੀਂ ਬੁਲਾਈ ਗਈ। ਉਨ੍ਹਾਂ ਅਪਣੇ ਅਖ਼ਤਿਆਰੀ ਕੋਟੇ ਵਿਚੋਂ ਕੇਂਦਰੀ ਜੇਲ ਨੂੰ ਰੋਟੀਆਂ ਪਕਾਉਣ ਵਾਲੀ ਮਸ਼ੀਨ ਖਰੀਦਣ ਲਈ 10 ਲੱਖ ਰੁਪਏ ਅਤੇ ਜੇਲ ਵਿਚ ਚਲਾਈ ਜਾ ਰਹੀ ਫ਼ੈਕਟਰੀ ਲਈ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਜੇਲ ਵਿਚ ਚਲਾਈ ਜਾ ਰਹੀ ਫੈਕਟਰੀ ਦਾ ਦੌਰਾ ਕੀਤਾ ਅਤੇ ਹੋਰ ਸੁਵਿਧਾਵਾਂ ਦਾ ਨਿਰੀਖਣ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਸ. ਰਵਨੀਤ ਸਿੰਘ ਬਿੱਟੂ, ਵਿਧਾਇਕ ਸ੍ਰੀ ਸੰਜੇ ਤਲਵਾੜ, ਵਧੀਕ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਰੋਹਿਤ ਚੌਧਰੀ, ਸਾਬਕਾ ਲੋਕ ਸਭਾ ਮੈਂਬਰ ਸ੍ਰ. ਅਮਰੀਕ ਸਿੰਘ ਆਲੀਵਾਲ,

ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਜੇਲ੍ਹ ਸੁਪਰਡੈਂਟ ਸ੍ਰ. ਐੱਸ. ਐੱਸ. ਬੋਪਾਰਾਏ, ਸ੍ਰ. ਰਛਪਾਲ ਸਿੰਘ ਤਲਵਾੜਾ, ਸ੍ਰੀ ਦੀਪਕ ਉਪਲ, ਵਨੀਤ ਭਾਟੀਆ, ਉਮੇਸ਼ ਸ਼ਰਮਾ, ਸਤੀਸ਼ ਮਲਹੋਤਰਾ, ਸੁਖਦੇਵ ਬਾਵਾ, ਅਸ਼ੀਸ਼ ਤਪਾਰੀਆ, ਗੌਰਵ ਭੱਟੀ, ਦਿਨੇਸ਼ ਮੱਕੜ, ਕੰਵਲਜੀਤ ਸਿੰਘ ਬੌਬੀ ਅਤੇ ਹੋਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।