ਗੁਰੂ ਘਰ ਦੇ ਸੁਧਾਰ ਲਈ ਯਤਨ ਜਾਰੀ ਰਹਿਣਗੇ: ਪ੍ਰੋ. ਜਲਵੇੜਾ
ਗੁਰਦੁਆਰਾ ਸੁਧਾਰ ਲਹਿਰ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੇ ਨਾਂ ਹੇਠ ਸੰਘਰਸ਼ ਵਿਢਣ...
ਸ਼੍ਰੀ ਫ਼ਤਿਹਗੜ੍ਹ ਸਾਹਿਬ: ਗੁਰਦੁਆਰਾ ਸੁਧਾਰ ਲਹਿਰ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੇ ਨਾਂ ਹੇਠ ਸੰਘਰਸ਼ ਵਿਢਣ ਵਾਲੇ ਇਲਾਕੇ ਦੇ ਉੱਘੇ ਸਿੱਖ ਚਿੰਤਕ ਪ੍ਰੋ. ਧਰਮਜੀਤ ਸਿੰਘ ਜਲਵੇੜਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਰੱਤ ਨਾਲ ਸਿੰਝੀ ਇਸ ਪਵਿੱਤਰ ਧਰਤੀ ਦੀ ਗੋਲਕ ਅਤੇ ਅਜ਼ਮਤ ਦੀ ਰੱਖਿਆ ਕਰਨਾ ਹਰ ਸਿੱਖ ਦਾ ਮੁੱਢਲਾ ਫ਼ਰਜ਼ ਹੈ।
ਉਨ੍ਹਾਂ ਕਿਹਾ ਕਿ ਗੱਡੀਆਂ ਦੀ ਦੁਰਵਰਤੋਂ ਦੇ ਮਸਲੇ ਤੋਂ ਬਾਅਦ ਹੁਣ ਉਹ ਗੁਰੂ ਘਰ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਹੋਰ ਰਹੀ ਉਲੰਘਣਾ ਦੇ ਸੰਬੰਧ ਵਿਚ ਇਕ ਗੰਭੀਰ ਮੁੱਦਾ ਉਠਾਉਣਗੇ ਜਿਸਦਾ ਖੁਲਾਸਾ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ। ਪ੍ਰੋ. ਜਲਵੇੜਾ ਨੇ ਕਿਹਾ ਕਿ ਗੁਰੂ ਘਰ ਦੇ ਸਰਮਾਏ ਦੀ ਬਰਬਾਦੀ, ਦੁਕਾਨਾਂ ਦੇ ਨਾਂ ‘ਤੇ ਹੁੰਦੀ ਰਿਸ਼ਵਤਖੋਰੀ ਅਤੇ ਹੋਰ ਬੇਨਿਯਮੀਆਂ ਨੂੰ ਕਿਸੇ ਕੀਮਤ ‘ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਗੁਰੂ ਘਰ ਸਭ ਦਾ ਸਾਂਝਾ ਅਸਥਾਨ ਹੁੰਦਾ ਹੈ। ਕਿਸੇ ਲੀਡਰ ਜਾਂ ਵਿਅਕਤੀ ਵਿਸ਼ੇਸ਼ ਦਾ ਨਹੀਂ ਇਸ ਲਈ ਗੁਰੂ ਘਰ ਵਿਚ ਹੋ ਰਹੀਆਂ ਬੇਨਿਯਮੀਆਂ ਨੂੰ ਦਰੁਸਤ ਕਰਨ ਲਈ ਉਨ੍ਹਾਂ ਸਿੱਖ ਸੰਗਤ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਪ੍ਰੋ. ਧਰਮਜੀਤ ਸਿੰਘ ਮਾਨ (ਜਲਵੇੜਾ-94784-60084)