ਪੰਜਾਬ ਸਕਤਰੇਤ 'ਚ ਬਾਇਉਮੈਟਰਿਕ ਮਸ਼ੀਨਾਂ 'ਤੇ ਬਿਠਾਇਆ ਪੈਰਾਮਿਲਟਰੀ ਫ਼ੋਰਸ ਦਾ ਪਹਿਰਾ

ਏਜੰਸੀ

ਖ਼ਬਰਾਂ, ਪੰਜਾਬ

ਮਸ਼ੀਨਾਂ ਹੈਕ ਹੋਣ ਬਾਅਦ ਸਰਕਾਰ ਨੇ ਚੁਕਿਆ ਸਖ਼ਤ ਕਦਮ

file photo

ਚੰਡੀਗੜ੍ਹ : ਪੰਜਾਬ ਸਕਤਰੇਤ ਵਿਚ ਪਿਛਲੇ ਹਫ਼ਤੇ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਸਮੇਂ ਦਾ ਪਾਬੰਦ ਕਰਨ ਲਈ ਲਾਈਆਂ ਗਈਆਂ ਬਾਇਉਮੀਟਰਿਕ ਮਸ਼ੀਨਾਂ ਕੁੱਝ ਦਿਨਾਂ ਬਾਅਦ ਹੀ ਚਰਚਾ ਵਿਚ ਆ ਗਈਆਂ ਹਨ। ਇਹ ਮਸ਼ੀਨਾਂ ਸਰਕਾਰ ਵਲੋਂ ਪੈਰਾਮਿਲਟਰੀ ਫ਼ੋਰਸ ਦਾ ਪਹਿਰਾ ਲਾ ਦਿਤਾ ਗਿਆ ਹੈ। ਇਹ ਕਦਮ ਸਰਕਾਰ ਵਲੋਂ ਪਿਛਲੇ ਦਿਨ ਕੁੱਝ ਮਸ਼ੀਨਾਂ ਦੇ ਹੈਕ ਹੋਣ ਅਤੇ ਕੁੱਝ ਵਿਚ ਭੰਨਤੋੜ ਦੀਆਂ ਘਟਨਾਵਾਂ ਤੋਂ ਬਾਅਦ ਚੁਕਿਆ ਗਿਆ ਹੈ। ਇਸ ਸਬੰਧ ਵਿਚ ਸਰਕਾਰ ਨੂੰ ਸਕਤਰੇਤ ਦੀ ਸੁਰੱਖਿਆ ਦੇ ਮਦੇਨਜ਼ਰ ਸਖ਼ਤ ਨੋਟਿਸ ਲੈਂਦਿਆਂ ਮਸ਼ੀਨਾਂ ਹੈਕ ਕੀਤੇ ਜਾਣ ਦੀ ਕਾਰਵਾਈ ਦੀ ਜਾਂਚ ਸ਼ੁਰੂ ਕਰਵਾ ਦਿਤੀ ਹੈ। 

ਇਹ ਮਸ਼ੀਨਾਂ 'ਤੇ ਅੱਜ ਸਕਤਰੇਤ ਦੀਆਂ ਬ੍ਰਾਂਚਾਂ ਖੁਲ੍ਹਦੇ ਹੀ ਉਥੇ ਤੈਨਾਤ ਕੇਂਦਰੀ ਫ਼ੋਰਸ ਸੀ.ਆਈ.ਐਸ.ਐਫ਼ ਦੇ ਜਵਾਨਾਂ ਦਾ ਪਹਿਰਾ ਲਾ ਦਿਤਾ ਗਿਆ ਹੈ। ਇਹ ਜਵਾਨ ਮੁਲਾਜ਼ਮਾਂ ਵਲੋਂ ਹਾਜ਼ਰੀ ਲਾਉਣ ਸਮੇਂ ਅਤੇ ਇਸ ਤੋਂ ਅੱਗੇ ਪਿਛੇ ਇਨ੍ਹਾਂ ਉਪਰ ਸਖ਼ਤ ਨਜ਼ਰ ਰਖ ਰਹੇ ਹਨ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਭਵਿਖ ਵਿਚ ਬਾਇਉਮੀਟਰਿਕ ਸਿਸਟਮ ਹੋਰ ਪੁਖਤਾ ਕਰਨ ਲਈ ਆਮ ਪ੍ਰਸ਼ਾਸਨ ਵਿਭਾਗ ਵਲੋਂ ਮਸ਼ੀਨਾਂ ਦੀ 24 ਘੰਟੇ ਨਿਗਰਾਨੀ ਲਈ 20 ਸੀ.ਸੀ.ਵੀ.ਵੀ ਕੈਮਰੇ ਲਾਉਣ ਦਾ ਪ੍ਰਸਤਾਵ ਤਿਆਰ ਕਰ ਕੇ ਸਰਕਾਰ ਤੋਂ ਮਨਜੂਰੀ ਮੰਗੀ ਗਈ ਹੈ।

ਜ਼ਿਕਰਯੋਗ ਹੈ ਕਿ ਬਾਇਉਮੀਟਰਿਕ ਮਸ਼ੀਨਾਂ ਦੇ ਸ਼ੁਰੂ ਹੋਣ ਸਮੇਂ ਹੀ ਇਨ੍ਹਾਂ ਵਿਚ ਵਾਰ ਵਾਰ ਤਕਨੀਕੀ ਨੁਕਸ ਪੈਣ ਕਾਰਨ ਪਿਛਲੇ ਦਿਨਾਂ ਵਿਚ ਮੁਲਾਜ਼ਮਾਂ ਵਿਚ ਇਕ ਇਕ ਘੰਟੇ ਦੀਆਂ ਲੰਮੀਆਂ ਲਾਈਨਾਂ ਵਿਚ ਲੱਗਣਾ ਪਿਆ ਸੀ। ਸਕਤਰੇਤ ਸਟਾਫ਼ ਐਸੋਸੀਏਸ਼ਨ ਵਲੋਂ ਇਸ ਸਿਸਟਮ 'ਤੇ ਸਵਾਲ ਉਠਾਉਂਦਿਆਂ ਆਈ.ਏ.ਐਸ. ਅਤੇ ਹੋਰ ਉਚ ਅਧਿਕਾਰੀਆਂ ਨੂੰ ਇਸ ਤੋਂ ਛੋਟ ਦੇਣ ਵਿਰੁਧ ਰੋਸ ਵੀ ਪ੍ਰਗਟ ਕੀਤਾ ਗਿਆ ਸੀ। ਇਹ ਚਰਚਾ ਹੈ ਕਿ ਮਸ਼ੀਨਾਂ ਕਾਰਨ ਮੁਲਾਜ਼ਮਾਂ ਲਈ ਪੈਦਾ ਹੋਈ ਪ੍ਰੇਸ਼ਾਨੀ ਦੇ ਮਦੇਨਜ਼ਰ ਕੁੱਝ ਮੁਲਾਜ਼ਮਾਂ ਨੇ ਮਸ਼ੀਨਾਂ ਨੂੰ ਹੈਕ ਕਰਨ ਜਾਂ ਇਨ੍ਹਾਂ ਵਿਚ ਤੋੜਫੋੜ ਕਰਨ ਦਾ ਯਤਨ ਕੀਤਾ ਹੈ।

ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਕਤਰੇਤ ਵਿਚ ਬਾਇਉਮੀਟਰਿਕ ਹਾਜ਼ਰੀ ਸਿਸਟਮ ਸਥਾਪਤ ਕਰਨ ਦੀ ਯੋਜਨਾ 'ਤੇ ਪਿਛਲੇ ਪੰਜ ਸਾਲਾਂ ਤੋਂ ਵਿਚਾਰ ਵਟਾਂਦਰਾ ਹੋ ਰਿਹਾ ਸੀ ਅਤੇ ਆਖ਼ਰ ਇਸ ਸਾਲ ਦੌਰਾਨ ਇਹ ਕੰਮ ਸ਼ੁਰੂ ਹੋ ਸਕਿਆ ਹੈ। ਸਕਤਰੇਤ ਤੋਂ ਬਾਅਦ ਹੁਣ ਪੰਜਾਬ ਸਰਕਾਰ ਮਿਨੀ ਸਕਤਰੇਤ ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਹੋਰ ਦਫ਼ਤਰਾਂ ਅਤੇ ਅਦਾਰਿਆਂ ਤੋਂ ਇਲਾਵਾ ਪੰਜਾਬ ਭਰ ਵਿਚ ਅਪਣੇ ਦਫ਼ਤਰਾਂ ਵਿਚ ਬਾਇਉਮੀਟਰਿਕ ਸਿਸਟਮ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਮਲਾਜ਼ਮਾ ਨੂੰ ਆ ਰਹੀ ਪ੍ਰੇਸ਼ਾਨੀ ਦੇ ਮਦੇਨਜ਼ਰ ਸਰਕਾਰ ਦੇ ਸਬੰਧਤ ਵਿਭਾਗ ਵਲੋਂ ਪਹਿਲਾਂ ਲਾਈਆਂ ਗਈਆਂ ਮਸ਼ੀਨਾਂ ਦੇ ਸਿਸਟਮ ਨੂੰ ਤਬਦੀਲ ਕਰ ਕੇ ਇਨ੍ਹਾਂ ਨੂੰ ਸਿਧਾ ਬ੍ਰਾਂਚਾਂ ਨਾਲ ਜੋੜਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਪਹਿਲਾਂ ਲਾਈਆਂ ਗਈਆਂ ਮਸ਼ੀਨਾਂ ਦੀ ਗੁਣਵਤਾ ਲਈ ਕਈ ਸਵਾਲ ਉਠ ਰਹੇ ਹਨ।