ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੇ ਨੰਗੇ ਧੜ ਹੋ ਕੇ ਕੀਤਾ ਵਿਰੋਧ
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੇ ਨੰਗੇ ਧੜ ਹੋ ਕੇ ਕੀਤਾ ਵਿਰੋਧ
ਪੁਲਿਸ ਨੇ ਮੂਸਤੈਦੀ ਵਰਤਦਿਆਂ ਚੋਰ-ਮੋਰੀ ਰਾਹੀਂ ਭਾਜਪਾ ਪ੍ਰਧਾਨ ਨੂੰ ਧਰਮਸ਼ਾਲਾ ਵਿਚ ਵਾੜਿਆ
ਅਬੋਹਰ, 9 ਫ਼ਰਵਰੀ (ਤੇਜਿੰਦਰ ਸਿੰਘ ਖਾਲਸਾ): ਪੰਜਾਬ ਵਿਚ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਮਿਊਾਸੀਪਲ ਕਾਰਪੋਰੇਸ਼ਨ ਚੋਣਾਂ ਲਈ ਸਾਰੀਆਂ ਰਾਜਸੀ ਧਿਰਾਂ ਅਪਣੇ-ਅਪਣੇ ਪੱਧਰ ਉਤੇ ਚੋਣ ਪ੍ਰਚਾਰ ਵਿਚ ਲੱਗੀਆਂ ਹੋਈਆਂ ਹਨ ਜਦ ਕਿ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਵਿਚ ਚੋਣ ਪ੍ਰਚਾਰ ਕਰਨਾ ਕਿਸੇ ਮੁਸੀਬਤ ਤੋਂ ਘੱਟ ਨਹੀਂ ਜਾਪ ਰਿਹਾ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁਧ ਪਿਛਲੇ ਲੰਬੇ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ ਉਤੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ |
ਦੂਜੇ ਪਾਸੇ ਪੰਜਾਬ ਵਿਚ ਭਾਜਪਾ ਆਗੂਆਂ ਦਾ ਘਿਰਾਉ ਲਗਾਤਾਰ ਜਾਰੀ ਹੈ, ਇਸੇ ਲੜੀ ਤਹਿਤ ਅੱਜ ਅਬੋਹਰ ਨਗਰ ਨਿਗਮ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੇ ਹਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਥਾਨਕ ਅਰੋੜਵੰਸ਼ ਧਰਮਸ਼ਾਲਾ ਆਉਣਾ ਸੀ ਜਿਸ ਬਾਬਤ ਜ਼ਿਲ੍ਹਾ ਪੁਲਿਸ ਨੇ ਕਈ ਪਾਸੇ ਤੋਂ ਸੜਕਾਂ ਦੀ ਆਵਾਜਾਈ ਬੰਦ ਕਰ ਕੇ ਸੁਰਖਿਆ ਲਈ ਪੁੱਖਤਾ ਪ੍ਰਬੰਧ ਕੀਤੇ ਹੋਏ ਸਨ ਜਿਸ ਦੀ ਨਿਗਰਾਨੀ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਅਪਣੇ ਜ਼ਿਲ੍ਹੇ ਦੇ ਐਸ.ਪੀ ਅਤੇ ਡੀ.ਐਸ.ਪੀ ਨਾਲ ਕਰ ਰਹੇ ਸਨ | ਕਈ ਪਾਸੇ ਤੋਂ ਸੜਕਾਂ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ |
ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਦੇ ਅਬੋਹਰ ਆਉਣ ਦੀ ਸੂਚਨਾ ਮਿਲਦੇ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਸਮੱਰਥਕ ਭਾਰੀ ਗਿਣਤੀ ਵਿਚ ਨਹਿਰੂ ਪਾਰਕ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ | ਸਥਾਨਕ ਅਰੋੜਵੰਸ਼ ਧਰਮਸ਼ਾਲਾ ਵਿਚ ਭਾਜਪਾ ਵਲੋਂ ਰੱਖੀ ਜਨ ਸਭਾ ਵਿਚ ਜਿਵੇਂ ਹੀ ਚੋਣ ਪ੍ਰਭਾਰੀ ਰਾਜਿੰਦਰ ਮੋਹਨ ਛੀਨਾ ਅਤੇ ਹਲਕਾ ਭਾਜਪਾ ਵਿਧਾਇਕ ਅਰੁਣ ਨਾਰੰਗ ਧਰਮਸ਼ਾਲਾ ਪੁੱਜੇ ਤਾਂ ਕਿਸਾਨਾਂ ਨੇ ਜੰਮ ਕੇ ਨਾਹਰੇਬਾਜ਼ੀ ਕੀਤੀ ਅਤੇ ਧਰਮਸ਼ਾਲਾ ਨੂੰ ਘੇਰਾ ਪਾਉਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਜਲਦੀ-ਜਲਦੀ ਭਾਜਪਾ ਆਗੂਆਂ ਨੂੰ ਧਰਮਸ਼ਾਲਾ ਦਾਖ਼ਲ ਕਰ ਦਿਤਾ |
ਇਸ ਉਪਰੰਤ ਕਿਸਾਨ ਆਗੂਆਂ ਸੁਖਮੰਦਰ ਸਿੰਘ, ਜਗਜੀਤ ਸਿੰਘ ਝੁਰੜਖੇੜਾ, ਸ਼ੁਭਾਸ ਕੂਕਨਾ, ਜਰਨੈਲ ਸਿੰਘ, ਸੁਖਜਿੰਦਰ ਸਿੰਘ ਰਾਜਨ, ਨਿਰਮਲ ਸਿੰਘ ਆਦਿ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਵਿਰੁਧ ਜੰਮ ਕੇ ਭੜਾਸ ਕੱਢੀ ਅਤੇ ਭਾਜਪਾ ਪ੍ਰਧਾਨ ਦੀ ਘੇਰਾਬੰਦੀ ਲਈ ਧਰਮਸ਼ਾਲਾ ਬਾਹਰ ਧਰਨਾ ਲਗਾ ਦਿਤਾ ਜਿਸ ਉਪਰੰਤ ਪੁਲਿਸ ਨੇ ਮੂਸਤੈਦੀ ਵਰਤਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਚੋਰ ਮੌਰੀ ਰਾਹੀ ਅਬੋਹਰ ਕਲੱਬ ਤੋਂ ਧਰਮਸ਼ਾਲਾ ਵਿਚ ਜਨ ਸਭਾ ਲਈ ਦਾਖ਼ਲ ਕਰਵਾਇਆ, ਜਿਥੇ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਤੇ ਪੁਲਿਸ ਦੀ ਮਿਲੀਭੁਗਤ ਨਾਲ ਕੁੱਝ ਗੁੰਡੇ ਅਤੇ ਸ਼ਰਾਰਤੀ ਲੋਕਾਂ ਵਲੋਂ ਪ੍ਰਦਰਸ਼ਨ ਕਰਾਉਣ ਦੇ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਕਿਸਾਨ ਉਨ੍ਹਾਂ ਵਿਰੁਧ ਨਹੀਂ ਹਨ ਜਦ ਕਿ ਲੋਕ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਲਈ ਬੇਤਾਬ ਹਨ |
ਕੈਪਸ਼ਨ : ਅਰੋੜਵੰਸ਼ ਧਰਮਸ਼ਾਲਾ ਬਾਹਰ ਪੁਲਿਸ ਨਾਲ ਉਲਝਦੇ ਕਿਸਾਨ ਅਤੇ ਨੰਗੇ ਧੜ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਆਗੂ | (ਖਾਲਸਾ)
ਫੋਟੋ ਫਾਈਲ : ਅਬੋਹਰ-ਖਾਲਸਾ 9-1