ਟਰੈਕਟਰ ਪਰੇਡ ਮਗਰੋਂ ਸ਼ਸ਼ੀ ਥਰੂਰ ਤੇ ਪੱਤਰਕਾਰ ਸਰਦੇਸਾਈ ਵਲੋਂ ਜਾਰੀ ਕੀਤੇ ਟਵੀਟਾਂ ਦਾ ਮਾਮਲਾ

ਏਜੰਸੀ

ਖ਼ਬਰਾਂ, ਪੰਜਾਬ

ਟਰੈਕਟਰ ਪਰੇਡ ਮਗਰੋਂ ਸ਼ਸ਼ੀ ਥਰੂਰ ਤੇ ਪੱਤਰਕਾਰ ਸਰਦੇਸਾਈ ਵਲੋਂ ਜਾਰੀ ਕੀਤੇ ਟਵੀਟਾਂ ਦਾ ਮਾਮਲਾ

image


ਸੁਪਰੀਮ ਕੋਰਟ ਨੇ ਗਿ੍ਫ਼ਤਾਰੀ 'ਤੇ ਲਗਾਈ ਰੋਕ

ਨਵੀਂ ਦਿੱਲੀ, 9 ਫ਼ਰਵਰੀ : ਸੁਪਰੀਮ ਕੋਰਟ ਨੇ ਗਣਤੰਤਰ ਦਿਵਸ 'ਤੇ ਕਿਸਾਨਾਂ ਦੀ 'ਟਰੈਕਟਰ ਪਰੇਡ' ਦੌਰਾਨ ਹੋਈ ਹਿੰਸਾ ਨੂੰ  ਲੈ ਕੇ ਗੁਮਰਾਹ ਕਰਨ ਵਾਲੇ ਟਵੀਟ ਦੇ ਸਿਲਸਿਲੇ ਵਿਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਸਰਦੇਸਾਈ ਸਮੇਤ 6 ਪੱਤਰਕਾਰਾਂ ਖ਼ਿਲਾਫ਼ ਦਰਜ ਐਫ਼. ਆਈ. ਆਰ. ਨੂੰ  ਲੈ ਕੇ ਉਨ੍ਹਾਂ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਦਿਤੀ ਹੈ | ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਥਰੂਰ, ਸਰਦੇਸਾਈ ਅਤੇ ਪੱਤਰਕਾਰ ਮਿ੍ਣਾਲ ਪਾਂਡੇ, ਜ਼ਫਰ ਆਗਾ, ਪਰੇਸ਼ ਨਾਥ, ਵਿਨੋਦ ਕੇ. ਜੋਸ ਅਤੇ ਅਨੰਤ ਨਾਥ ਦੀ ਪਟੀਸ਼ਨ 'ਤੇ ਕੇਂਦਰ ਅਤੇ ਹੋਰਨਾਂ ਨੂੰ  ਨੋਟਿਸ ਜਾਰੀ ਕਰ ਕੇ ਉਨ੍ਹਾਂ ਦਾ ਜਵਾਬ ਮੰਗਿਆ ਹੈ |
ਬੈਂਚ ਨੇ ਜਦੋਂ ਕਿਹਾ ਕਿ ਉਹ ਇਸ ਮਾਮਲੇ ਵਿਚ ਨੋਟਿਸ ਜਾਰੀ ਕਰ ਰਹੇ ਹਨ ਤਾਂ ਥਰੂਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਦੋਂ ਤਕ ਪਟੀਸ਼ਨਕਰਤਾਵਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਵੇ | ਬੈਂਚ ਨੇ ਇਸ 'ਤੇ ਕਿਹਾ ਕਿ ਕੁਝ ਨਹੀਂ ਹੋਣ ਜਾ ਰਿਹਾ | ਬੈਂਚ 'ਚ ਚੀਫ਼ ਜਸਟਿਸ ਤੋਂ ਇਲਾਵਾ ਜਸਟਿਸ ਏ. ਐੱਸ. ਬੋਪੰਨਾ ਅਤੇ ਜਸਟਿਸ ਵੀ. ਰਾਮਸੁਬਰਮਣੀਅਮ ਵੀ ਸ਼ਾਮਲ ਹਨ | ਅਦਾਲਤ ਦੇ ਇਹ ਕਹਿਣ 'ਤੇ ਕਿ ਇਸ ਦਰਮਿਆਨ ਪਟੀਸ਼ਨਕਰਤਾਵਾਂ ਨੂੰ  ਕੱੁਝ ਨਹੀਂ ਹੋਣ ਜਾ ਰਿਹਾ, ਕਪਿਲ ਸਿੱਬਲ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਦਿੱਲੀ ਪੁਲਿਸ ਅਤੇ ਹੋਰ ਸੂਬਿਆਂ ਦੀ ਪੁਲਿਸ 
ਵਲੋਂ ਪੇਸ਼ ਹੋ ਰਹੇ ਹਨ ਅਤੇ ਉਹ ਇਸ ਦਰਮਿਆਨ ਮੇਰੇ ਦਰਵਾਜ਼ੇ 'ਤੇ ਦਸਤਕ ਦੇ ਕੇ ਮੈਨੂੰ ਗਿ੍ਫ਼ਤਾਰ ਕਰ ਸਕਦੇ ਹਨ | 
ਸਿੱਬਲ ਨੇ ਕਿਹਾ ਕਿ ਕਿ੍ਪਾ ਕਰ ਕੇ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ | ਇਸ 'ਤੇ ਬੈਂਚ ਨੇ ਕਾਨੂੰਨ ਅਧਿਕਾਰੀ ਤੋਂ ਪੁਛਿਆ ਕਿ ਕੀ ਪੁਲਿਸ ਥਰੂਰ ਅਤੇ ਹੋਰਨਾਂ ਨੂੰ  ਗਿ੍ਫ਼ਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ | ਮਹਿਤਾ ਨੇ ਕਿਹਾ ਕਿ 'ਭਿਆਨਕ' ਟਵੀਟ ਕੀਤੇ ਗਏ ਸਨ | ਮੈਂ ਤੁਹਾਨੂੰ ਵਿਖਾ ਸਕਦਾ ਹਾਂ ਕਿ ਇਨ੍ਹਾਂ ਟਵੀਟਾਂ ਦਾ ਕਿੰਨਾ ਭਿਆਨਕ ਅਸਰ ਹੈ, ਜਿਨ੍ਹਾਂ ਦੇ ਫਾਲੋਅਰਜ਼ ਲੱਖਾਂ ਵਿਚ ਹਨ | ਬੈਂਚ ਨੇ ਮਹਿਤਾ ਤੋਂ ਪੁਛਿਆ, ਕੀ ਤੁਸੀਂ ਉਨ੍ਹਾਂ ਨੂੰ  ਗਿ੍ਫ਼ਤਾਰ ਕਰਨ ਜਾ ਰਹੇ ਹੋ? ਸਾਲਿਸਿਟਰ ਜਨਰਲ ਤੁਸ਼ਾਰ ਮਹਿਰਾ ਨੇ ਕਿਹਾ ਕਿ ਮਾਣਯੋਗ ਮੈਂ ਤੁਹਾਡੇ ਸਾਹਮਣੇ ਹਾਂ | ਕਿ੍ਪਾ ਕੱਲ ਸੁਣਵਾਈ ਕਰੋ | 
ਬੈਂਚ ਨੇ ਮਹਿਤਾ ਤੋਂ ਪੁਛਿਆ ਕਿ ਕੀ ਉਹ ਸਾਰੇ ਸੰਬੰਧਤ ਸੂਬਿਆਂ ਵਲੋਂ ਪੇਸ਼ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਲਈ ਪੇਸ਼ ਹੋਵਾਂਗਾ | ਪਟੀਸ਼ਨਕਰਤਾਵਾਂ ਨੂੰ  ਸੁਰੱਖਿਆ ਦਿਤੇ ਜਾਣ ਦੀ ਦਲੀਲ ਦਿੰਦੇ ਹੋਏ ਸਿੱਬਲ ਨੇ ਕਿਹਾ ਕਿ ਜੇਕਰ ਸੁਰੱਖਿਆ ਦਿਤੀ ਜਾਂਦੀ ਹੈ ਤਾਂ ਕੀ ਪੱਖਪਾਤ ਹੋਵੇਗਾ? ਬੈਂਚ ਨੇ ਕਿਹਾ ਕਿ ਅਸੀਂ ਤੁਹਾਨੂੰ ਦੋ ਹਫ਼ਤਿਆਂ ਬਾਅਦ ਸੁਣਾਂਗੇ ਅਤੇ ਉਦੋਂ ਤਕ ਗਿ੍ਫ਼ਤਾਰੀ 'ਤੇ ਰੋਕ ਰਹੇਗੀ |                (ਪੀਟੀਆਈ)