Punjab News: ਡਰੱਗ ਮਨੀ ਨਾਲ ਖਰੀਦਿਆ ਜਿਮ ਦਾ 37 ਲੱਖ ਦਾ ਸਮਾਨ NCB ਵਲੋਂ ਜ਼ਬਤ
ਤਸਕਰ ਗੁਰਮੇਲ ਸਿੰਘ ਦੇ ਟਿਕਾਣਿਆਂ ’ਤੇ NCB ਦਾ ਛਾਪਾ;
Punjab News: ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਪੰਜਾਬ ਦੇ ਅੰਤਰਰਾਸ਼ਟਰੀ ਨਸ਼ਾ ਤਸਕਰ ਅਕਸ਼ੈ ਛਾਬੜਾ ਗੈਂਗ ਦੇ ਮੁੱਖ ਸਰਗਨਾ ਗੁਰਮੇਲ ਸਿੰਘ ਉਰਫ ਗੈਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਗੁਰਮੇਲ ਸਿੰਘ ਉਰਫ ਗੈਰੀ ਨੂੰ ਐਨ.ਸੀ.ਬੀ. ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਐਨ.ਸੀ.ਬੀ. ਨੇ ਲੁਧਿਆਣਾ ਦੇ ਮੁੰਡੀਆਂ ਕਲਾਂ ਦੇ ਜੀ.ਟੀ.ਬੀ. ਨਗਰ ਵਿਚ ਗੈਰੀ ਦੇ ਜਿਮ 'ਤੇ ਛਾਪਾ ਮਾਰ ਕੇ 37 ਲੱਖ ਰੁਪਏ ਦਾ ਸਾਮਾਨ ਜ਼ਬਤ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐਨ.ਸੀ.ਬੀ. ਅਨੁਸਾਰ ਗੈਰੀ ਨੇ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨਾਲ ਇਹ ਜਿੰਮ ਤਿਆਰ ਕੀਤਾ ਸੀ। ਗੈਰੀ ਨੇ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਤੋਂ ਕਮਾਏ ਪੈਸੇ ਨਾਲ ਜੋ ਜਾਇਦਾਦ ਬਣਾਈ ਸੀ, ਉਸ ਨੂੰ ਕਬਜ਼ੇ ਵਿਚ ਲੈਣ ਲਈ ਹੁਣ ਐਨ.ਸੀ.ਬੀ. ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸੇ ਲੜੀ ਤਹਿਤ 4 ਫਰਵਰੀ ਨੂੰ ਐਨ.ਸੀ.ਬੀ. ਨੇ ਅਕਸ਼ੈ ਛਾਬੜਾ ਦੇ ਇਕ ਹੋਰ ਕਰੀਬੀ ਸਾਥੀ ਸੁਰਿੰਦਰ ਕਾਲੜਾ ਵਾਸੀ ਲੁਧਿਆਣਾ ਦੇ ਘਰ ਛਾਪਾ ਮਾਰ ਕੇ 36 ਲੱਖ ਰੁਪਏ ਦਾ ਸਾਮਾਨ ਜ਼ਬਤ ਕੀਤਾ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਐਨ.ਸੀ.ਬੀ. ਹੁਣ ਤਕ ਛਾਬੜਾ ਗੈਂਗ ਦੇ 20 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਐਨ.ਸੀ.ਬੀ. ਨੇ ਨਸ਼ਿਆਂ ਤੋਂ ਕਮਾਏ ਪੈਸਿਆਂ ਨਾਲ ਇਨ੍ਹਾਂ ਮੁਲਜ਼ਮਾਂ ਦੀਆਂ ਚੱਲ-ਅਚੱਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਉਨ੍ਹਾਂ ਦੇ ਬੈਂਕ ਖਾਤੇ ਵੀ ਸੀਲ ਕਰ ਦਿਤੇ ਗਏ ਹਨ। ਐਨ.ਸੀ.ਬੀ. ਅਧਿਕਾਰੀਆਂ ਮੁਤਾਬਕ ਕੁੱਲ 52 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਗਈ ਹੈ।
ਇਸ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਬਾਅਦ, ਐਨ.ਸੀ.ਬੀ. ਨੇ ਕੁੱਲ 39.936 ਕਿਲੋਗ੍ਰਾਮ ਹੈਰੋਇਨ, 0.5777 ਕਿਲੋਗ੍ਰਾਮ ਅਫੀਮ, 23.645 ਕਿਲੋਗ੍ਰਾਮ ਕੈਫੀਨ ਪਾਊਡਰ, ਐਚਸੀਐਲ ਦੀਆਂ ਚਾਰ ਬੋਤਲਾਂ, 31 ਕਾਰਤੂਸ, ਇਕ ਮੈਗਜ਼ੀਨ ਅਤੇ ਦੋ ਫੈਕਟਰੀਆਂ ਨੂੰ ਜ਼ਬਤ ਕੀਤਾ ਹੈ, ਜਿਥੇ ਸਿੰਥੈਟਿਕ ਡਰੱਗਜ਼ ਬਣਾਈਆਂ ਜਾਂਦੀਆਂ ਸਨ। ਐਨ.ਸੀ.ਬੀ. ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿਚ 15 ਨਵੰਬਰ 2022 ਨੂੰ ਸੰਦੀਪ ਸਿੰਘ ਉਰਫ਼ ਦੀਪੂ ਨੂੰ ਲੁਧਿਆਣਾ ਤੋਂ 20.326 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
(For more Punjabi news apart from Punjab News Gym equipment worth 37 lakhs bought with drug money seized by NCB, stay tuned to Rozana Spokesman)