ਕਿਰਤ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਸਕੀਮਾਂ ਹੋਈਆਂ ਆਨਲਾਈਨ : ਤਰੁਨਪ੍ਰੀਤ ਸਿੰਘ ਸੌਂਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫਿਕੇਟ ਦੀ ਸ਼ਰਤ ਕੀਤੀ ਖ਼ਤਮ

All services and industrial schemes of the Labor Department have been made online: Tarunpreet Singh Saund

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਰਤ ਵਿਭਾਗ ਨੇ ਵੱਖ-ਵੱਖ ਐਕਟਾਂ ਅਧੀਨ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਸਕੀਮਾਂ ਨੂੰ ਡਿਜ਼ੀਟਾਈਜ਼ ਕਰ ਦਿੱਤਾ ਹੈ। ਹੁਣ ਇੱਕ ਕਲਿੱਕ ਨਾਲ ਸਾਰੀਆਂ ਸੇਵਾਵਾਂ ਤੇ ਸਕੀਮਾਂ ਦਾ ਲਾਭ ਲਿਆ ਜਾ ਸਕਦਾ ਹੈ। ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਬਿਲਡਿੰਗ ਪਲਾਨ ਦੀ ਪ੍ਰਵਾਨਗੀ, ਫੈਕਟਰੀਆਂ ਦੀ ਰਜਿਸਟ੍ਰੇਸ਼ਨ, ਲਾਇਸੈਂਸ ਲਈ ਮਨਜ਼ੂਰੀ, ਲਾਇਸੈਂਸ ਦਾ ਨਵੀਨੀਕਰਨ, ਲਾਇਸੈਂਸ ਵਿੱਚ ਸੋਧ, ਰਾਤ ਦੀ ਸ਼ਿਫਟ ਵਿੱਚ ਮਹਿਲਾਵਾਂ ਨੂੰ ਰੋਜ਼ਗਾਰ ਦੇਣ ਦੀ ਇਜਾਜ਼ਤ, ਪ੍ਰਿੰਸੀਪਲ ਇੰਪਲਾਇਅਰ ਦੀ ਰਜਿਸਟ੍ਰੇਸ਼ਨ ਅਤੇ ਠੇਕੇਦਾਰ ਨੂੰ ਲਾਇਸੈਂਸ ਦੀ ਮਨਜ਼ੂਰੀ ਆਨ ਲਾਈਨ ਲਈ ਜਾ ਸਕਦੀ ਹੈ। ਇਹ ਸੇਵਾਵਾਂ ਵੈੱਬਸਾਈਟ https://pblabour.gov.in ਤੋਂ ਲਈਆਂ ਜਾ ਸਕਦੀਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਵੈਲਫੇਅਰ ਫੰਡ ਦਾ ਭੁਗਤਾਨ, ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਲਾਭਾਂ ਸਬੰਧੀ ਦਾਅਵਾ, ਉਸਾਰੀ ਵਾਲੀ ਥਾਂ ਦੀ ਰਜਿਸਟ੍ਰੇਸ਼ਨ, ਟਰੇਡ ਯੂਨੀਅਨਾਂ ਦੀ ਰਜਿਸਟ੍ਰੇਸ਼ਨ, ਕਿਰਤ ਕਾਨੂੰਨਾਂ ਅਧੀਨ ਸਾਲਾਨਾ ਰਿਟਰਨ ਜਮ੍ਹਾਂ ਕਰਵਾਉਣਾ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਲਾਭਾਂ ਸਬੰਧੀ ਦਾਅਵਾ, ਦੁਕਾਨ ਅਤੇ ਵਪਾਰਕ ਅਦਾਰੇ ਦੀ ਰਜਿਸਟ੍ਰੇਸ਼ਨ ਆਦਿ ਸੇਵਾਵਾਂ ਵੀ ਆਨਲਾਈਨ ਇਸੇ ਵੈੱਬਸਾਈਟ ਤੋਂ ਲਈਆਂ ਜਾ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਵਜੀਫ਼ਾ ਸਕੀਮ, ਐਲ.ਟੀ.ਸੀ. ਸਕੀਮ ਅਤੇ ਸ਼ਗਨ ਸਕੀਮ ਸਮੇਤ ਹੋਰ ਭਲਾਈ ਸਕੀਮਾਂ ਸਬੰਧੀ ਨਿਯਮਾਂ ਅਤੇ ਸ਼ਰਤਾਂ ਵਿੱਚ ਢਿੱਲ ਦਿੱਤੀ ਗਈ ਹੈ। ਸੌਂਦ ਨੇ ਦੱਸਿਆ ਕਿ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਦਿੱਤੀ ਜਾਂਦੀ ਵਜੀਫਾ ਸਕੀਮ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਹੋਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਕਿਰਤੀ ਵਜੀਫਾ ਸਕੀਮ ਦਾ ਲਾਭ ਅੰਸ਼ਦਾਨ ਕਰਨ ਦੀ ਮਿਤੀ ਤੋਂ ਹੀ ਲੈ ਸਕੇਗਾ। ਇਸੇ ਤਰ੍ਹਾਂ ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫਿਕੇਟ ਦੀ ਸ਼ਰਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਕਿਰਤੀ ਵਿਆਹ ਵਾਲੀ ਧਾਰਮਿਕ ਥਾਂ ਅਤੇ ਵਿਆਹ ਕਰਵਾਉਣ ਵਾਲੇ ਧਾਰਮਿਕ ਵਿਅਕਤੀ ਦੀਆਂ ਫੋਟੋਆਂ ਲਗਾ ਦੇ ਸ਼ਗਨ ਸਕੀਮ ਦਾ ਲਾਭ ਲੈ ਸਕਦਾ ਹੈ।