ਪੰਜਾਬ ਪੁਲਿਸ ਨੇ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ਵਿਰੁਧ 8 ਐਫ.ਆਈ.ਆਰ.  ਦਰਜ ਕੀਤੀਆਂ 

ਏਜੰਸੀ

ਖ਼ਬਰਾਂ, ਪੰਜਾਬ

ਪੀੜਤਾਂ ਦੀਆਂ ਸ਼ਿਕਾਇਤਾਂ ’ਤੇ  ਕਾਰਵਾਈ ਕਰਦਿਆਂ ਪੁਲਿਸ ਨੇ ਡਿਪੋਰਟ ਕੀਤੇ ਗਏ ਲੋਕਾਂ ਦੇ ਬਿਆਨ ਦਰਜ ਕੀਤੇ ਸਨ

FIR

ਚੰਡੀਗੜ੍ਹ : ਗੈਰ-ਕਾਨੂੰਨੀ ਤਰੀਕੇ ਨਾਲ ਗਏ 30 ਪੰਜਾਬੀਆਂ ਨੂੰ ਅਮਰੀਕਾ ਵਲੋਂ ਦੇਸ਼ਨਿਕਾਲਾ ਦਿਤੇ ਜਾਣ ਤੋਂ ਬਾਅਦ ਮਨੁੱਖੀ ਤਸਕਰੀ ਦੀ ਜਾਂਚ ਲਈ ਗਠਿਤ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਵਿਰੁਧ  ਅੱਠ ਐਫ.ਆਈ.ਆਰ. ਦਰਜ ਕੀਤੀਆਂ ਹਨ। ਪੀੜਤਾਂ ਦੀਆਂ ਸ਼ਿਕਾਇਤਾਂ ’ਤੇ  ਕਾਰਵਾਈ ਕਰਦਿਆਂ ਪੁਲਿਸ ਨੇ ਡਿਪੋਰਟ ਕੀਤੇ ਗਏ ਲੋਕਾਂ ਦੇ ਬਿਆਨਾਂ ਦੇ ਅਧਾਰ ’ਤੇ  ਟਰੈਵਲ ਏਜੰਟਾਂ ਵਿਰੁਧ  ਅੱਠ ਐਫ.ਆਈ.ਆਰ.  ਦਰਜ ਕੀਤੀਆਂ ਹਨ। 

104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ 5 ਫ਼ਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ  ਉਤਰਿਆ ਸੀ। ਡੋਨਾਲਡ ਟਰੰਪ ਸਰਕਾਰ ਵਲੋਂ  ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ  ਕਾਰਵਾਈ ਦੇ ਹਿੱਸੇ ਵਜੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਇਹ ਪਹਿਲਾ ਜੱਥਾ ਸੀ। ਡਿਪੋਰਟ ਕੀਤੇ ਗਏ ਲੋਕਾਂ ਵਿਚੋਂ 30 ਪੰਜਾਬ ਦੇ ਸਨ। 

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਟਰੈਵਲ ਏਜੰਟਾਂ ਵਿਰੁਧ  ਬਿਆਨ ਦਰਜ ਕੀਤੇ ਹਨ ਜਿਨ੍ਹਾਂ ਨੇ ਅਮਰੀਕਾ ’ਚ ਗੈਰ-ਕਾਨੂੰਨੀ ਦਾਖ਼ਲੇ ਦੇ ਝੂਠੇ ਵਾਅਦਿਆਂ ਨਾਲ ਡਿਪੋਰਟ ਕੀਤੇ ਗਏ ਲੋਕਾਂ ਨੂੰ ਧੋਖਾ ਦਿਤਾ ਸੀ। ਐਸ.ਆਈ.ਟੀ.  ਦੀ ਅਗਵਾਈ ਵਧੀਕ ਡੀ.ਜੀ.ਪੀ. (ਐਨ.ਆਰ.ਆਈ. ਮਾਮਲੇ) ਪ੍ਰਵੀਨ ਸਿਨਹਾ, ਏਡੀ.ਜੀ.ਪੀ. (ਅੰਦਰੂਨੀ ਸੁਰੱਖਿਆ) ਸ਼ਿਵ ਕੁਮਾਰ ਵਰਮਾ, ਪੁਲਿਸ ਇੰਸਪੈਕਟਰ ਜਨਰਲ (ਪ੍ਰੋਵੀਜ਼ਨਿੰਗ) ਐਸ ਬੂਪਤੀ ਅਤੇ ਡਿਪਟੀ ਇੰਸਪੈਕਟਰ ਜਨਰਲ (ਬਾਰਡਰ ਰੇਂਜ) ਸਤਿੰਦਰ ਸਿੰਘ ਕਰ ਰਹੇ ਹਨ। 

ਐਸ.ਆਈ.ਟੀ.  ਜਾਂਚ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ ਅਤੇ ਇਹ ਯਕੀਨੀ ਕਰ ਰਹੀ ਹੈ ਕਿ ਸਾਰੀਆਂ ਕਾਰਵਾਈਆਂ ਅਸਰਦਾਰ ਢੰਗ ਨਾਲ ਅਤੇ ਉਚਿਤ ਤਨਦੇਹੀ ਨਾਲ ਕੀਤੀਆਂ ਜਾਂਦੀਆਂ ਹਨ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਡਿਪੋਰਟ ਕੀਤੇ ਗਏ ਲੋਕਾਂ ਨਾਲ ਨਿੱਜੀ ਤੌਰ ’ਤੇ  ਮੁਲਾਕਾਤ ਕੀਤੀ ਹੈ। 

ਵੱਖ-ਵੱਖ ਜ਼ਿਲ੍ਹਿਆਂ ਅਤੇ ਕਮਿਸ਼ਨਰੇਟਾਂ ਦੇ ਪੁਲਿਸ ਕਮਿਸ਼ਨਰ (ਸੀ.ਪੀ.) ਅਤੇ ਸੀਨੀਅਰ ਪੁਲਿਸ ਸੁਪਰਡੈਂਟ (ਐੱਸ.ਐੱਸ.ਪੀ.) ਇਨ੍ਹਾਂ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਐਸ.ਆਈ.ਟੀ.  ਨਾਲ ਤਾਲਮੇਲ ਕਰ ਕੇ  ਅਣਥੱਕ ਕੰਮ ਕਰ ਰਹੇ ਹਨ। 

ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਧੋਖਾਧੜੀ ਵਾਲੇ ਇਮੀਗ੍ਰੇਸ਼ਨ ਨੈੱਟਵਰਕ ਵਿਰੁਧ  ਕਾਰਵਾਈ ਸ਼ੁਰੂ ਕਰਨ ਅਤੇ ਕਮਜ਼ੋਰ ਵਿਅਕਤੀਆਂ ਦੇ ਸੋਸ਼ਣ  ਨੂੰ ਖਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਐਸ.ਆਈ.ਟੀ.  ਗੈਰ-ਕਾਨੂੰਨੀ ਮਨੁੱਖੀ ਤਸਕਰੀ ਲਈ ਜ਼ਿੰਮੇਵਾਰ ਲੋਕਾਂ ਵਿਰੁਧ  ਜਵਾਬਦੇਹੀ ਅਤੇ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ।