ਦਿੱਲੀ ਮੋਰਚੇ ਤੋਂ ਘਰ ਪਰਤ ਰਹੀ ਬੀਬੀ ਸੁਖਪਾਲ ਕੌਰ ਦੀ ਰਸਤੇ ਵਿਚ ਹੋਈ ਮੌਤ
ਪਿੰਡ ਭੈਣੀ ਬਾਘਾ ਵਿਖੇ 12 ਵਜੇ ਕੀਤਾ ਜਾਵੇਗਾ ਅੰਤਮ ਸੰਸਕਾਰ
ਮੁਹਾਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਇਸ ਅੰਦੋਲਨ ਵਿਚ ਬੀਬੀਆਂ ਵੀ ਕਿਸਾਨ ਵੀਰਾਂ ਨਾ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆਂ ਹਨ। ਇਸ ਮੋਰਚੇ ਵਿਚ ਬਹੁਤ ਸਾਰੇ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਅਜਿਹੀ ਬੁਰੀ ਖ਼ਬਰ ਪਿੰਡ ਭੈਣੀ ਬਾਘਾ ਤੋਂ ਸਾਹਮਣੇ ਆਈ ਹੈ ਜਿਥੇ ਮਾਤਾ ਸੁਖਪਾਲ ਕੌਰ ਦੀ ਦਿੱਲੀ ਤੋਂ ਆਉਂਦਿਆਂ ਰਸਤੇ ਵਿਚ ਅਚਾਨਕ ਸਿਹਤ ਵਿਗੜਨ ਕਾਰਨ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।
ਰਸਤੇ ਵਿਚ ਅਚਾਨਕ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਫਤਿਆਬਾਦ ( ਹਰਿਆਣਾ ) ਦੇ ਇੱਕ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ,ਪਰ ਡਾਕਟਰਾਂ ਦੀ ਕੋਸ਼ਿਸਾਂ ਦੇ ਬਾਵਜੂਦ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੀਬਾ ਸੁਖਪਾਲ ਕੌਰ ਦਾ ਅੰਤਮ ਸੰਸਕਾਰ ਪਿੰਡ ਭੈਣੀ ਬਾਘਾ ਵਿਖੇ 12 ਵਜੇ ਕੀਤਾ ਜਾਵੇਗਾ।