ਪੰਜਾਬ ਸਰਕਾਰ ਦੇ ਬਜਟ ਵਿਚੋਂ ਲੋਕਾਂ ਨੂੰ ਕੁਝ ਨਹੀਂ ਲੱਭਿਆ ਬਸ ਅਨਾਉਂਸਮੈਂਟਾਂ ਹੀ ਹਨ: ਚੰਦੂਮਾਜਰਾ
ਪੰਜਾਬ ਸਰਕਾਰ ਦੇ ਬਜਟ ਇਜਲਾਸ ਦਾ ਅੱਜ ਆਖਰੀ ਦਿਨ ਸੀ...
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਪੰਜਾਬ ਸਰਕਾਰ ਦੇ ਬਜਟ ਇਜਲਾਸ ਦਾ ਅੱਜ ਆਖਰੀ ਦਿਨ ਸੀ, ਜਿਸ ਵਿਚ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਪਿਛਲੇ ਸਮੇਂ ਦੌਰਾਨ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਪਟਨ ਸਰਕਾਰ ਨੇ ਕਿਹਾ ਪਿਛਲੇ ਸਰਕਾਰ ਦੌਰਾਨ ਪੰਜਾਬ ਦੇ ਘਾਟੇ ਨੂੰ ਅਤੇ ਪੰਜਾਬ ਨੂੰ ਲੀਹ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਦੌਰਾਨ ਵਿਧਾਨ ਸਭਾ ਤੋਂ ਬਾਹਰ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਚੀਮਾ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਇਸ ਬਜਟ ਨੂੰ ਕਾਂਗਰਸ ਸਰਕਾਰ ਦਾ ਚੋਣ ਮੈਨੀਫੈਸਟੋ ਦੱਸਿਆ ਗਿਆ ਹੈ। ਹਰਪਾਲ ਚੀਮਾ ਨੇ ਕਿਹਾ ਜਿੱਥੇ ਕੈਪਟਨ ਸਰਕਾਰ ਦੇ ਚਾਰ ਬਜਟਾਂ ਨੇ ਪੰਜਾਬ ਦੇ ਲੋਕਾਂ ਨੂੰ ਨਰਾਸ਼ ਕੀਤਾ ਤਾਂ ਹੁਣ ਪੰਜਵਾਂ ਬਜਟ ਵੀ ਫੋਕਾ ਸਾਬਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਝੁੱਠੇ ਵਾਅਦੇ ਕੀਤੇ ਗਏ ਸਨ ਕਿ ਮੈਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਵਾਂਗਾ, ਘਰ-ਘਰ ਰੁਜ਼ਗਾਰ ਦੇਵਾਂਗਾ, ਸਮਾਰਟ ਫੋਨ ਦੇਵਾਂਗਾ, ਸ਼ਗਨ ਸਕੀਮ ਦੇਵਾਂਗਾ, ਮੁਫ਼ਤ ਬਿਜਲੀ ਦੇਵਾਂਗਾ, ਕਿਸਾਨਾਂ ਦਾ ਕਰਜਾ ਮੁਆਫ਼ ਕਰਾਂਗੇ, ਪਰ ਕੈਪਟਨ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਦੀਆਂ ਜੇਬਾਂ ਉਤੇ ਡਾਕਾ ਮਾਰਿਆ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਦਲਿੱਤ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਅਤੇ 2500 ਰੁਪਏ ਭੱਤਾ ਦਿੱਤਾ ਜਾਵੇਗਾ ਪਰ ਉਸ ਵਿਚ ਵੀ ਕੈਪਟਨ ਸਰਕਾਰ ਫੇਲ ਸਾਬਤ ਹੋਈ ਹੈ। ਚੀਮਾ ਨੇ ਕਿਹਾ ਕਿ ਜਦੋਂ ਪੰਜਾਬ ਦੀ ਕਾਂਗਰਸ ਸਰਕਾਰ ਸੱਤਾ ਵਿਚ ਆਈ ਸੀ ਤਾਂ ਪੰਜਾਬ ਉਤੇ ਕੁੱਲ 1 ਲੱਖ 82 ਹਜਾਰ ਕਰੋੜ ਦਾ ਕਰਜਾ ਸੀ ਪਰ ਹੁਣ ਪੰਜਾਬ ਸਰਕਾਰ ਉਤੇ 2 ਲੱਖ 73 ਹਜਾਰ ਕਰੋੜ ਦਾ ਕਰਜਾ ਹੋ ਗਿਆ ਹੈ, ਕੈਪਟਨ ਸਾਬ੍ਹ ਮੈਨੂੰ ਦੱਸਣ ਕਿ ਪੈਸਾ ਗਿਆ ਕਿੱਥੇ ਹੈ।
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਲੋਕਾਂ ਨੇ ਡਾਂਗਾ, ਪਾਣੀ ਦੀਆਂ ਬੁਛਾੜਾ ਵੀ ਖਾ ਕੇ ਦੇਖ ਲਈਆਂ ਤੇ ਅਸੀਂ ਵੀ ਬਹੁਤ ਰੌਲਾ ਪਾਕੇ ਦੇਖ ਲਿਆ ਪਰ ਕੈਪਟਨ ਸਰਕਾਰ ਦੇ ਕੰਨ ਉਤੇ ਜੂੰਅ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਯੂਨੀਵਰਸਿਟੀ ਬਣਾਉਣ ਲਈ ਬਜਟ ਵਿਚ 1 ਕਰੋੜ ਰੁਪਿਆ ਰੱਖਿਆ ਗਿਆ ਹੈ ਪਰ ਇਕ ਕਰੋੜ ਰੁਪਏ ਨਾਲ ਤਾਂ ਯੂਨੀਵਰਸਿਟੀ ਦੀਆਂ ਬਾਉਂਡਰੀ ਕੰਧਾਂ ਵੀ ਨਹੀਂ ਹੋਣੀਆਂ।
ਚੰਦੂਮਾਜਰਾ ਨੇ ਕਿਹਾ ਕਿ ਬਜਟ ਵਿਚ ਸਰਕਾਰ ਨੇ ਸ਼ਗਨ ਸਕੀਮ ਲਈ 250 ਕਰੋੜ ਰੱਖ ਲਿਆ ਪਰ ਹਾਲੇ ਤੱਕ ਡੇਢ ਸਾਲ ਪਹਿਲਾਂ ਦੀ ਬਕਾਇਆ ਰਾਸ਼ੀ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜਮਾਂ ਨੂੰ ਬਜਟ ਤੋਂ ਉਮੀਦ ਸੀ ਕਿ ਸਾਨੂੰ ਡੀਏ ਦੀ ਕਿਸ਼ਤ ਜਾਰੀ ਕੀਤੀ ਜਾਵੇਗੀ ਪਰ ਬਜਟ ਵਿਚ ਡੀਏ ਦਾ ਨਾਮ ਹੀ ਨਹੀਂ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੀ ਪਹਿਚਾਣ ਨੰਬਰਦਾਰਾਂ ਨਾਲ ਵੀ ਧੋਖਾ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦਾ ਮਾਣਭੱਤਾ ਹਾਲੇ ਤੱਕ ਨਹੀਂ ਵਧਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਫੋਕੇ ਬਜਟ ਵਿਚੋਂ ਕੁਝ ਨਹੀਂ ਲੱਭ ਰਿਹਾ ਬਸ ਅਨਾਉਂਸਮੈਂਟਾਂ ਹੀ ਹਨ।