ਚਰਨਜੀਤ ਚੰਨੀ ਤਾਂ ਬੱਕਰੀਆਂ ਦੀਆਂ ਧਾਰਾਂ ਚੋਂਦੇ ਨੇ ਉਹਨਾਂ ਨੇ ਆਪਣਾ ਕੰਮ ਚੁਣ ਲਿਆ- ਰਵਨੀਤ ਬਿੱਟੂ
ਨਾਲ ਹੀ ਭਗਵੰਤ ਮਾਨ ਨੂੰ ਜਿੱਤ ਦੀ ਦਿੱਤੀ ਵਧਾਈ
ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ 'ਚ ਘਮਾਸਾਨ ਮਚ ਗਿਆ ਹੈ। ਪਾਰਟੀ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਹਾਰ ਦਾ ਦੋਸ਼ ਕੈਪਟਨ ਅਮਰਿੰਦਰ ਸਿੰਘ 'ਤੇ ਮੜ੍ਹਿਆ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਭਗਵੰਤ ਮਾਨ ਨੂੰ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ। ਉਹਨਾਂ ਕਿਹਾ ਕਿ ਲੋਕਾਂ ਨੇ ਭਗਵੰਤ ਨਾਮ ਦੇ ਹੱਕ ਵਿਚ ਬਹੁਤ ਵੱਡਾ ਫੈਸਲਾ ਕੀਤਾ। ਦੁਆਵਾਂ ਕਰਦੇ ਹਨ ਉਹ ਲੋਕਾਂ ਲਈ ਵਧੀਆਂ ਕੰਮ ਕਰਨਗੇ। ਜੋ ਕਮੀਆਂ ਅਸੀਂ ਛੱਡੀਆਂ ਉਹ ਦੂਰ ਕਰਨਗੇ। ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਗੇ, ਨੌਜਵਾਨਾਂ ਨੂੰ ਨੌਕਰੀਆਂ ਦੇਣਗੇ। ਜੋ ਉਹਨਾਂ ਨੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਰਨਗੇ।
ਹਰ ਘਰ ਵਿਚ ਮੁਫ਼ਤ ਬਿਜਲੀ, ਪਾਣੀ ਮਿਲੇ। ਰਵਨੀਤ ਬਿੱਟੂ ਨੇ 'ਆਪ' ਦੀ ਜਿੱਤ ਬਾਰੇ ਬੋਲਦਿਆਂ ਆਖਿਆ ਕਿ ਲੋਕਾਂ ਨੇ ਪਹਿਲਾਂ ਅਕਾਲੀ ਦਲ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਜਿਤਾਇਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਬਿਕਰਮ ਮਜੀਠੀਆਂ ਨਾਲ ਖੇਡਦੇ ਰਹੇ। ਕੈਪਟਨ ਨੂੰ ਸੀਟ ਤੋਂ ਹਟਾਉਣ ਲਈ ਅਸੀਂ ਲੇਟ ਹੋ ਗਏ। ਕੈਪਟਨ ਦਾ ਬਾਦਲਾਂ ਨਾਲ ਮਿਲਣ ਦਾ ਨੁਕਸਾਨ ਕਾਂਗਰਸ ਨੂੰ ਚੁੱਕਣਾ ਪਿਆ।
ਲੋਕ ਬਦਲਾਅ ਚਾਹੁੰਦੇ ਸੀ। ਉਹ ਤੀਸਰੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਸਨ। ਜਿਸ ਦੇ ਚਲਦੇ ਉਹਨਾਂ ਨੇ ਆਪ ਨੂੰ ਵੋਟਾਂ ਪਾਈਆਂ ਤੇ ਆਪ ਦੀ ਸਰਕਾਰ ਬਣਾਈ। ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਵੀ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ। ਉਹਨਾਂ ਆਖਿਆ ਚਰਨਜੀਤ ਸਿੰਘ ਚੰਨੀ ਤਾਂ ਹੁਣ ਬੱਕਰੀਆਂ ਦੀਆਂ ਧਾਰਾਂ ਚੋਂਦੇ ਹਨ। ਉਹਨਾਂ ਨੇ ਆਪਣਾ ਕੰਮ ਚੁਣ ਲਿਆ।