ਪੰਜਾਬ ਦੇ 11,200 ਕਾਸ਼ਤਕਾਰਾਂ ਨੂੰ ਮਿਲੇਗਾ ਜ਼ਮੀਨ ’ਤੇ ਮਾਲਕੀ ਦਾ ਹੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬਿੱਲ ਨੂੰ ਦਿੱਤੀ ਮਨਜ਼ੂਰੀ

President Draupadi Murmu

ਪੰਜਾਬ ਵਿਧਾਨ ਸਭਾ ਵਿਚ ਤਿੰਨ ਸਾਲ ਪਹਿਲਾਂ ਪਾਸ ਹੋਇਆ ਸੀ ਇਹ ਬਿੱਲ 


ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਦੇ ਉਸ ਬਿੱਲ ਨੂੰ ਮਨਜ਼ੂਰੀ ਦੇ ਦਿਤੀ ਹੈ, ਜਿਸ ਵਿਚ 4,000 ਏਕੜ ਤੋਂ ਵੱਧ ਜ਼ਮੀਨ ਰੱਖਣ ਵਾਲੇ 11,200 ਤੋਂ ਵੱਧ ਕਾਸ਼ਤਕਾਰ ਕਿਸਾਨਾਂ ਨੂੰ ਮਾਲਕੀ ਦੇ ਅਧਿਕਾਰ ਦਿਤੇ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਭੋਂਡੇਦਾਰ, ਬੁਟੇਮਾਰ, ਦੋਹਾਲੀਦਾਰ, ਇੰਸਾਰ ਮਿਆਦੀ, ਮੁਕਰਰਿਦਾਰ, ਮੁੰਧੀਮਾਰ, ਪਨਹੀ ਕਦੀਮ, ਸੌਂਜੀਦਾਰ, ਜਾਂ ਤਰਦਾਦਕਰ (ਮਾਲਕੀ ਅਧਿਕਾਰਾਂ ਦਾ ਅਧਿਕਾਰ) ਬਿੱਲ, 2020 ਪੰਜਾਬ ਵਿਧਾਨ ਸਭਾ ਦੁਆਰਾ 2020 ਵਿਚ ਪਾਸ ਕੀਤਾ ਗਿਆ ਸੀ ਜਦੋਂ ਸੂਬੇ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਰਾਜ ਸੀ। 

ਇਕ ਅਧਿਕਾਰੀ ਨੇ ਦਸਿਆ ਕਿ ਰਾਸ਼ਟਰਪਤੀ ਨੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਬਿੱਲ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਬਿੱਲ ਉਚਿਤ ਮੁਆਵਜ਼ਾ ਦੇਣ ਤੋਂ ਬਾਅਦ 4,000 ਏਕੜ ਤੋਂ ਵੱਧ ਜ਼ਮੀਨ ’ਤੇ ਕਬਜ਼ਾ ਰੱਖਣ ਵਾਲੇ 11,200 ਕਾਸ਼ਤਕਾਰ ਕਿਸਾਨਾਂ ਨੂੰ ਜਾਇਦਾਦ ਦੇ ਅਧਿਕਾਰਾਂ ਦੀ ਆਗਿਆ ਦਿੰਦਾ ਹੈ।
ਇਕ ਹੋਰ ਅਧਿਕਾਰੀ ਨੇ ਦਸਿਆ ਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਕਾਨੂੰਨ ਅਜਿਹੀਆਂ ਜ਼ਮੀਨਾਂ ’ਤੇ ਖੇਤੀ ਕਰਨ ਵਾਲਿਆਂ ਨੂੰ ਸਸ਼ਕਤ ਕਰੇਗਾ, ਜੋ ਸਮਾਜ ਦੇ ਆਰਥਕ ਅਤੇ ਸਮਾਜਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਹਨ। ਇਹ ਕਾਸ਼ਤਕਾਰ ਕਈ ਸਾਲਾਂ ਤੋਂ ਜ਼ਮੀਨ ਦੇ ਛੋਟੇ-ਛੋਟੇ ਟੁਕੜਿਆਂ ’ਤੇ ਕਾਬਜ਼ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਉਤਰਾਧਿਕਾਰੀ ਵਜੋਂ ਅਪਣੇ ਅਧਿਕਾਰ ਪ੍ਰਾਪਤ ਕਰਦੇ ਹਨ।

ਕਿਉਂਕਿ ਉਹ ਰਜਿਸਟਰਡ ਮਾਲਕ ਨਹੀਂ ਸਨ, ਇਸ ਲਈ ਨਾ ਤਾਂ ਉਹ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈ ਸਕਦੇ ਸਨ ਅਤੇ ਨਾ ਹੀ ਕਿਸੇ ਕੁਦਰਤੀ ਆਫ਼ਤ ਦੀ ਸਥਿਤੀ ਵਿਚ ਉਨ੍ਹਾਂ ਨੂੰ ਰਾਹਤ ਮਿਲਦੀ ਸੀ, ਪਰ ਹੁਣ ਉਨ੍ਹਾਂ ਨੂੰ ਹੋਰ ਜ਼ਮੀਨ ਮਾਲਕਾਂ ਵਾਂਗ ਸਾਰੇ ਲਾਭ ਮਿਲਣਗੇ। ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਐਕਟ ਖੇਤੀਬਾੜੀ ਸੁਧਾਰਾਂ ਨਾਲ ਜੁੜਿਆ ਇਕ ਕਦਮ ਹੈ ਅਤੇ ਇਹ ਖੇਤੀਬਾੜੀ ਸੈਕਟਰ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ ਅਤੇ ਉਤਪਾਦਕਤਾ ਵਿਚ ਵਾਧਾ ਹੋਵੇਗਾ।