Adampur Airport: PM ਮੋਦੀ ਨੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦਾ ਕੀਤਾ ਉਦਘਾਟਨ, 40 ਏਕੜ 'ਚ ਫੈਲਿਆ ਹੋਇਆ ਹੈ ਏਅਰਪੋਰਟ

ਏਜੰਸੀ

ਖ਼ਬਰਾਂ, ਪੰਜਾਬ

ਹਵਾਈ ਅੱਡੇ ਦੇ ਖੁੱਲ੍ਹਣ ਨਾਲ ਸਮੁੱਚੇ ਦੁਆਬੇ ਦੇ ਲੋਕਾਂ ਨੂੰ ਹੋਵੇਗਾ ਫਾਇਦਾ 

File Photo

 Adampur Airport: ਜਲੰਧਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡਓ ਕਾਨਫਰੰਸਿੰਗ ਰਾਂਹੀ ਪੰਜਾਬ ਦੇ ਜਲੰਧਰ ਵਿਚ ਆਦਮਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰ ਦਿੱਤਾ ਹੈ। ਇਸ ਹਵਾਈ ਅੱਡੇ ਦੇ ਖੁੱਲ੍ਹਣ ਨਾਲ ਸਮੁੱਚੇ ਦੁਆਬੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਕਈ ਮੰਤਰੀ ਅਤੇ ਨੇਤਾ ਹਵਾਈ ਅੱਡੇ 'ਤੇ ਪਹੁੰਚੇ ਤੇ ਇਸ ਦੇ ਮੱਦੇਨਜ਼ਰ ਜਲੰਧਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ, ਫਿਲਹਾਲ ਅਥਾਰਟੀ ਦੁਆਰਾ ਉਡਾਣਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। 

ਪ੍ਰੋਗਰਾਮ ਦੌਰਾਨ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ, ਕੇਂਦਰੀ ਮੰਤਰੀ ਵਿਜੇ ਸਿੰਘ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼, ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ, ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ (ਆਪ), ਰਾਜ ਸਭਾ ਮੈਂਬਰ ਅਸ਼ੋਕ ਮਿੱਤਲ (ਆਪ), ਰਾਜ ਸਭਾ ਐਮ.ਪੀ. ਹਰਭਜਨ ਸਿੰਘ (ਆਪ), ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਂਚੇਵਾਲ (ਆਪ), ਵਿਧਾਇਕ ਅਮਦਪੁਰ ਸੁਖਵਿੰਦਰ ਸਿੰਘ ਕੋਟਲੀ (ਕਾਂਗਰਸ) ਅਤੇ ਹੋਰ ਆਗੂ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਆਦਮਪੁਰ ਸਿਵਲ ਏਅਰਪੋਰਟ ਕੰਪਲੈਕਸ ਕਰੀਬ 40 ਏਕੜ ਵਿੱਚ ਫੈਲਿਆ ਹੋਇਆ ਹੈ। ਨਵਾਂ ਟਰਮੀਨਲ 6000 ਵਰਗ ਫੁੱਟ ਵਿਚ ਬਣਾਇਆ ਗਿਆ ਹੈ। ਨਵੇਂ ਟਰਮੀਨਲ ਨਾਲ ਦੋ ਏ-320 ਏਅਰਬੱਸ ਜਾਂ ਬੋਇੰਗ 737 ਕਿਸਮ ਦੇ ਜਹਾਜ਼ਾਂ ਨੂੰ ਇੱਕੋ ਸਮੇਂ ਚਲਾਉਣਾ ਸੰਭਵ ਹੋ ਜਾਵੇਗਾ। ਜੇਕਰ ਪੁਸ਼ਬੈਕ ਟੈਕਨਾਲੋਜੀ ਦਿੱਤੀ ਜਾਂਦੀ ਹੈ, ਤਾਂ ਤਿੰਨ ਜਹਾਜ਼ਾਂ ਨੂੰ ਇੱਕੋ ਸਮੇਂ ਚਲਾਇਆ ਜਾ ਸਕਦਾ ਹੈ।

ਟਰਮੀਨਲ ਵਿਚ ਇੱਕੋ ਸਮੇਂ 300 ਯਾਤਰੀਆਂ ਦੇ ਬੈਠਣ ਦੀ ਸਹੂਲਤ ਹੈ ਅਤੇ ਲਗਭਗ 150 ਵੱਡੇ ਵਾਹਨਾਂ ਲਈ ਪਾਰਕਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ। ਯਾਤਰੀਆਂ ਦੇ ਸਮਾਨ ਲਈ ਕਨਵੇਅਰ ਬੈਲਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਟਰਮੀਨਲ ਦੇ ਅੰਦਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਪੇਂਟਿੰਗਾਂ ਹਨ। ਸੁੰਦਰ ਲਾਅਨ ਵੀ ਵਿਛਾਏ ਗਏ ਹਨ।