ਮੁੱਖ ਮੰਤਰੀ ਨੇ ਬਟਾਲਾ ਖੰਡ ਮਿਲ ਬਾਰੇ ਸੁਰੇਸ਼ ਕੁਮਾਰ ਕੋਲੋਂ ਮੰਗੀ ਵਿਸਥਾਰਤ ਰੀਪੋਰਟ
ਮੁੱਖ ਮੰਤਰੀ ਨੇ ਪਿਛਲੇ ਹਫ਼ਤੇ ਬਟਾਲਾ ਵਿਖੇ ਨਵੀਂ ਸਹਿਕਾਰੀ ਖੰਡ ਮਿਲ ਲਾਉਣ ਦਾ ਐਲਾਨ ਕੀਤਾ ਸੀ।
ਖੰਡ ਮਿਲ ਪ੍ਰਾਜੈਕਟ ਨੂੰ ਛੇਤੀ ਮੁਕੰਮਲ ਕਰਨ ਦਾ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ) ਨੂੰ ਭਰੋਸਾ ਦਿਵਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਤਾਵਤ ਬਟਾਲਾ ਖੰਡ ਮਿਲ ਬਾਰੇ ਅਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੋਂ ਵਿਸਥਾਰਤ ਰੀਪੋਰਟ ਮੰਗ ਲਈ ਹੈ।ਜ਼ਿਕਰਯੋਗ ਹੈ ਮੁੱਖ ਮੰਤਰੀ ਨੇ ਪਿਛਲੇ ਹਫ਼ਤੇ ਬਟਾਲਾ ਵਿਖੇ ਨਵੀਂ ਸਹਿਕਾਰੀ ਖੰਡ ਮਿਲ ਲਾਉਣ ਦਾ ਐਲਾਨ ਕੀਤਾ ਸੀ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਇਹ ਭਰੋਸਾ ਕਿਸਾਨਾਂ ਦੇ ਚਾਰ ਮੈਂਬਰੀ ਵਫ਼ਦ ਨੂੰ ਇਕ ਮੀਟਿੰਗ ਦੌਰਾਨ ਉਸ ਵੇਲੇ ਦਿਵਾਇਆ ਜਦੋਂ ਇਹ ਵਫ਼ਦ ਬਟਾਲਾ ਵਿਖੇ ਨਵੀਂ ਖੰਡ ਮਿਲ ਬਣਾਉਣ ਲਈ ਉਨ੍ਹਾਂ ਦਾ ਧਨਵਾਦ ਕਰਨ ਵਾਸਤੇ ਉਨ੍ਹਾਂ ਨੂੰ ਮਿਲਣ ਆਇਆ ਕਿਉਂਕਿ ਇਹ ਖੰਡ ਮਿਲ ਇਸ ਸਰਹੱਦੀ ਪੱਟੀ ਦੇ ਕਿਸਾਨਾਂ ਲਈ ਜੀਵਨ ਰੇਖਾ ਹੋਵੇਗੀ। ਵਫ਼ਦ ਦੀ ਅਗਵਾਈ ਬੀ.ਕੇ.ਯੂ ਦੇ ਕੌਮੀ ਪ੍ਰਧਾਨ ਅਤੇ ਕੁਲ ਕਿਸਾਨ ਤਾਲਮੇਲ ਕਮੇਟੀ ਦੇ ਪ੍ਰਧਾਨ ਸਾਬਕਾ ਐਮ.ਪੀ. ਭੁਪਿੰਦਰ ਸਿੰਘ ਮਾਨ ਨੇ ਕੀਤੀ।
ਮੁੱਖ ਮੰਤਰੀ ਵਲੋਂ ਸ਼ੁਰੂ ਕੀਤੀਆਂ ਕਿਸਾਨ ਪੱਖੀ ਪਹਿਲਕਦਮੀਆਂ ਲਈ ਉਨ੍ਹਾਂ ਦੀ ਸਰਾਹਨਾ ਕਰਦੇ ਹੋਏ ਮਾਨ ਨੇ ਕਿਹਾ ਕਿ ਨਵੀਂ ਖੰਡ ਮਿਲ ਸਰਹੱਦੀ ਪੱਟੀ ਦੇ ਕਿਸਾਨਾਂ ਦੇ ਨਾ ਕੇਵਲ ਜੀਵਨ ਵਿਚ ਪਰਿਵਰਤਨ ਲਿਆਉਣ ਵਿਚ ਸਹਾਈ ਹੋਵੇਗੀ ਸਗੋਂ ਇਹ ਇਸ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਮਿਲ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਅਨੇਕਾਂ ਮੌਕੇ ਮੁਹਈਆ ਕਰਵਾਏਗੀ। ਮਾਨ ਨੇ ਹੋਰ ਕਿਹਾ ਕਿ 1960ਵਿਆਂ ਵਿਚ ਬਣਾਈ ਗਈ ਪੁਰਾਣੀ ਬਟਾਲਾ ਖੰਡ ਮਿਲ ਹੁਣ ਆਰਥਕ ਤੌਰ 'ਤੇ ਚਲਣ ਦੇ ਕਾਬਲ ਨਹੀਂ ਰਹੀ ਅਤੇ ਇਸ ਦੀ ਬਹੁਤ ਘੱਟ ਸਮਰਥਾ ਸੀ। ਪੁਰਾਣੀ ਮਸ਼ੀਨਰੀ ਅਤੇ ਵੇਲਾ ਵਿਹਾਅ ਚੁਕੀ ਤਕਨਾਲੋਜੀ ਕਾਰਨ ਇਸ ਦੀ ਕਾਰਜ ਪ੍ਰਣਾਲੀ ਢੁਕਵੀਂ ਨਹੀਂ ਸੀ। ਇਸ ਦੀ ਪਿੜਾਈ ਸਮਰਥਾ ਵੀ ਬਹੁਤ ਘੱਟ ਸੀ। ਨਤੀਜੇ ਵਜੋਂ ਉਤਪਾਦਕਤਾ ਬਹੁਤ ਘੱਟ ਸੀ।