ਵਿਆਹੁਤਾ ਲੜਕੀ ਨੇ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕਾ ਦੇ ਵਾਰਸਾਂ ਵਲੋਂ ਸਹੁਰਾ ਪਰਵਾਰ ਵਿਰੁਧ
ਸਥਾਨਕ ਜੈਨ ਨਗਰ ਵਾਸੀ ਇਕ ਵਿਆਹੀ ਲੜਕੀ ਨੇ ਘਰੇਲੂ ਕਲੇਸ਼ ਦੇ ਚਲਦੇ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਸਰਕੂਲਰ ਰੋਡ ਗਲੀ ਨੰਬਰ 13 ਵਾਸੀ ਸਿਲਕੀ ਪੁੱਤਰ ਓਮ ਪ੍ਰਕਾਸ਼ ਨਾਗਪਾਲ ਦੇ ਪਿਤਾ ਨੇ ਦਸਿਆ ਕਿ ਉਸ ਦੀ ਬੇਟੀ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾ ਜੈਨ ਨਗਰੀ ਗਨੀ ਨੰਬਰ 1 ਵਾਸੀ ਪ੍ਰਦੀਪ ਉਰਫ਼ ਦੀਪੂ ਕਵਾਤੜਾ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਹੁਣ ਤਕ ਉਨ੍ਹਾਂ ਦੇ ਘਰ ਕੋਈ ਔਲਾਦ ਨਾ ਹੋਣ ਕਾਰਨ ਸਹੁਰਾ ਪਰਵਾਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਬਾਬਤ ਕਈ ਵਾਰ ਪੰਚਾਇਤਾਂ ਵੀ ਹੋਈਆਂ। ਓਮ ਪ੍ਰਕਾਸ਼ ਨੇ ਦਸਿਆ ਕਿ ਐਤਵਾਰ ਰਾਤ ਨੂੰ ਹੀ ਉਸ ਦੀ ਬੇਟੀ ਨੂੰ ਉਸ ਦਾ ਜੇਠ ਅਪਣੀ ਜਿੰਮੇਵਾਰੀ ਨਾਲ ਸਹੁਰਾ ਘਰ ਲੈ ਗਿਆ ਤੇ ਅੱਜ ਸਵੇਰੇ ਹੀ ਉਹ ਅਪਣੀ ਬੇਟੀ ਨੂੰ ਮਿਲ ਕੇ ਵੀ ਆਏ ਸਨ ਜਦਕਿ ਦੁਪਹਿਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਲੜਕੀ ਦੀ ਹਾਲਤ ਗੰਭੀਰ ਹੈ ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹੈ
ਜਦ ਉਨ੍ਹਾਂ ਨੇ ਹਸਪਤਾਲ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਚੁੱਕੀ ਸੀ। ਓਮ ਪ੍ਰਕਾਸ਼ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਹੁਰਾ ਪਰਵਾਰ ਨੇ ਉਸ ਦਾ ਕਤਲ ਕਰਨ ਉਪਰੰਤ ਉਸ ਦੀ ਲਾਸ਼ ਨੂੰ ਫਾਹਾ ਲਗਾਉਣ ਦਾ ਡਰਾਮਾ ਰਚਿਆ ਹੈ। ਦੂਜੇ ਪਾਸੇ ਸੂਚਨਾ ਮਿਲਦੇ ਹੀ ਥਾਣਾ ਸਿਟੀ 1 ਦੇ ਮੁੱਖੀ ਪਰਮਜੀਤ, ਐਸ.ਆਈ ਸੁਨੀਤਾ ਰਾਣੀ ਮੌਕੇ 'ਤੇ ਪੁੱਜੇ ਅਤੇ ਘਰ ਦੀ ਜਾਂਚ ਪੜਤਾਲ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ। ਸਹੁਰਾ ਪਰਵਾਰ ਨੇ ਦਸਿਆ ਕਿ ਲੜਕੀ ਨੇ ਘਰ ਵਿਚ ਦਰਵਾਜ਼ਾ ਬੰਦ ਕਰ ਕੇ ਖ਼ੁਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਜਦਕਿ ਪਤਾ ਲੱਗਾ ਤਾਂ ਉਨ੍ਹਾਂ ਦਰਵਾਜ਼ਾ ਤੋੜ ਕੇ ਉਸ ਨੂੰ ਹਸਪਤਾਲ ਲਿਆਂਦਾ। ਥਾਣਾ ਮੁਖੀ ਨੇ ਦਸਿਆ ਕਿ ਪੁਲਿਸ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।