ਬੀਐਸਐਫ ਨੇ 27 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਸੀਮਾ ‘ਤੇ ਸਥਿਤ ਭਾਰਤੀ ਚੌਂਕੀ ਦੇ ਕੋਲ ਬੀਐਸਐਫ ਅਤੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਇਕ ਅਪ੍ਰੇਸ਼ਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ

BSF seize Heroin

ਫਿਰੋਜ਼ਪੁਰ: ਭਾਰਤ-ਪਾਕਿਸਤਾਨ ਸੀਮਾ ‘ਤੇ ਸਥਿਤ ਭਾਰਤੀ ਚੌਂਕੀ ਦੇ ਕੋਲ ਬਾਡਰ ਸਕਿਉਰਿਟੀ ਫੋਰਸ ਅਤੇ ਐਂਟੀ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੀ ਟੀਮ ਨੇ ਇਕ ਸੰਯੁਕਤ ਅਪ੍ਰੇਸ਼ਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਬਾਡਰ ਸਕਿਉਰਿਟੀ ਫੋਰਸ ਅਤੇ ਐਂਟੀ ਨਾਰਕੋਟਿਕ ਸੈੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮਗਲਰ ਭਾਰਤ ਵਿਚ ਨਸ਼ੇ ਦੀ ਸਪਲਾਈ ਕਰਨ ਵਾਲੇ ਹਨ।

ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਦੇ ਹੋਏ ਇਕ ਸੰਯੁਕਤ ਖੋਜ ਅਪ੍ਰੇਸ਼ਨ ਦੌਰਾਨ ਭਾਰਤ ਪਾਕਿਸਤਾਨ ਸੀਮਾ ‘ਤੇ ਸਥਿਤ ਭਾਰਤੀ ਚੌਂਕੀ ਲੱਖਾ ਸਿੰਘ ਵਾਲਾ ਗੇਟ ਨੰਬਰ 206 ਦੇ ਕੋਲ ਪਾਕਿਸਤਾਨ ਸਮਗਲਰਾਂ ਵੱਲੋਂ ਸੁੱਟੀ ਗਈ 5 ਕਿਲੋ 375 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਕੌਮਾਂਤਰੀ ਸਰਹੱਦ ਤੋਂ ਬਰਾਮਦ ਕੀਤੀ ਹੈਰੋਇਨ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਲਗਭਗ 27 ਕਰੋੜ ਰੁਪਏ ਹੈ। ਉਹਨਾਂ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿਰੋਧੀ ਚਾਲਾਂ ਨੂੰ ਕਿਸੇ ਵੀ ਹਾਲਤ ਵਿਚ ਸਿਰੇ ਨਹੀਂ ਚੜਨ ਦਿੱਤਾ ਜਾਵੇਗਾ।

ਦੱਸ ਦਈਏ ਕਿ ਭਾਰਤ ਵਿਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਭਾਰਤ ਵਿਚ ਪੰਜਾਬ ਸਮੇਤ ਹੋਰ ਕਈ ਸੂਬਿਆਂ ਵਿਚ ਕਈ ਤਰ੍ਹਾਂ ਦੇ ਨਸ਼ੇ ਆਦਿ ਫੜੇ ਜਾ ਰਹੇ ਹਨ। ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ਾ ਅਤੇ ਨਗਦੀ ਬਰਾਮਦ ਕੀਤੀ ਗਈ ਹੈ, ਉਥੇ ਹੀ ਕੌਮੀ ਪੱਧਰ ਉਤੇ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ। 

ਇੱਥੋਂ ਤੱਕ ਕਿ ਕਈ ਵੱਡੇ ਆਗੂਆਂ ਦੇ ਘਰਾਂ ਵਿਚ ਵੀ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਚੋਣ ਜਾਬਤਾ ਲੱਗਣ ਤੋਂ ਬਾਅਦ ਹੁਣ ਤੱਕ ਕਰੋੜਾਂ ਰੁਪਏ ਦੀ ਰਾਸ਼ੀ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਜਾ ਚੁੱਕੀ ਹੈ। ਕਈ ਮਾਮਲੇ ਤਾਂ ਅਜਿਹੇ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਪੁਲਿਸ ਨੇ ਪਹਿਲਾਂ ਛਾਪੇਮਾਰੀ ਦੌਰਾਨ ਨਗਦੀ ਫੜੀ ਅਤੇ ਬਾਅਦ ਵਿਚ ਪੁਲਿਸ ਉਤੇ ਹੀ ਫਸਾਉਣ ਦੇ ਝੂਠੇ ਇਲਜਾਮ ਲੱਗਣੇ ਸ਼ੁਰੂ ਹੋ ਗਏ।