ਕੋਰੋਨਾ ਪੀੜਤ ਸਰਪੰਚ ਦੇ ਸਸਕਾਰ ਮੌਕੇ ਬਲਬੀਰ ਸਿੱਧੂ ਤੇ ਚਰਨਜੀਤ ਚੰਨੀ ਪਹੁੰਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੇਹ ਦੇ ਸਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ

File Photo

ਮੋਰਿੰਡਾ  (ਮੋਹਨ ਸਿੰਘ ਅਰੋੜਾ, ਰਾਜ ਕੁਮਾਰ ਦਸੋੜ) : ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਪੀੜਤ ਰਹੇ ਮ੍ਰਿਤਕ ਦੇ ਸਸਕਾਰ ਸਬੰਧੀ ਲੋਕਾਂ ਦੇ ਦਿਲਾਂ ਵਿਚ ਪੈਦਾ ਹੋ ਰਹੀਆਂ ਗ਼ਲਤ ਧਾਰਨਾਵਾਂ ਨੂੰ ਖਾਰਜ ਕਰਦਿਆਂ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿਲ੍ਹਾ ਰੋਪੜ ਦੇ ਪਿੰਡ ਚਿਤਾਮਲੀ ਵਿਖੇ ਸਰਪੰਚ ਮੋਹਨ ਸਿੰਘ ਦੇ ਸਸਕਾਰ ਮੌਕੇ ਪਹੁੰਚੇ।

ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਪੰਚ ਮੋਹਨ ਸਿੰਘ ਇਕ ਸਮਾਜ ਸੇਵਕ ਸਨ ਜੋ ਅਕਸਰ ਇਲਾਕੇ ਦੇ ਲੋੜਵੰਦਾਂ ਦੀ ਮਦਦ ਕਰਦੇ ਸਨ। ਉਨ੍ਹਾਂ ਇਸ ਮੌਕੇ 'ਤੇ ਪੰਜਾਬ ਵਾਸੀਆਂ ਨੂੰ ਕੋਵਿਡ-19 ਦੀ ਬੀਮਾਰੀ ਨਾਲ ਮਿਤ੍ਰਕ ਦੇਹ ਦੇ ਸਸਕਾਰ ਨੂੰ ਲੈ ਕੇ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਵੀਡ-19 ਪਾਜ਼ੇਟਿਵ ਮ੍ਰਿਤਕ ਦੇ ਸਰੀਰ ਦਾ ਸਸਕਾਰ ਕਰਨ ਨਾਲ ਕੋਈ ਵਾਧੂ ਖ਼ਤਰਾ ਪੈਦਾ ਨਹੀਂ ਹੁੰਦਾ ਅਤੇ ਸਸਕਾਰ ਦੀ ਪੂਰੀ ਪ੍ਰਕਿਰਿਆ ਵਿਚ ਸਿਹਤ ਵਿਭਾਗ ਵਲੋਂ ਜਾਰੀ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ।

ਸਿਹਤ ਬਲਬੀਰ ਸਿੰਘ ਸਿੱਧੂ ਨੇ ਅੱੱਗੇ ਦਸਿਆ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ਮਸ਼ਾਨਘਾਟ ਵਿਖੇ ਕਰਮਚਾਰੀਆਂ ਵਲੋਂ ਦੇਹ ਦੇ ਸਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ। ਇਥੋਂ ਤਕ ਕਿ ਦੇਹ ਦੀ ਰਾਖ ਨਾਲ ਵੀ ਕੋਈ ਖ਼ਤਰਾ ਪੈਦਾ ਨਹੀਂ ਹੁੰਦਾ ਅਤੇ ਇਸ ਦੀ ਰਾਖ ਵੀ ਇਕੱਠੀ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੁਹਰਾਦਿਆਂ ਕਿਹਾ ਕਿ ਕੋਵਿਡ -19 ਦੇ ਫ਼ੈਲਣ ਦਾ ਮੁੱਖ ਕਾਰਨ ਡਰਾਪਲੈਟਸ (ਮੂੰਹ ਵਿਚੋਂ ਥੁੱਕ ਦੇ ਛਿੱਟੇ) ਅਤੇ ਪ੍ਰਭਾਵਿਤ ਵਿਅਕਤੀ ਨਾਲ ਨੇੜਲਾ ਸੰਪਰਕ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਸਰਪੰਚ ਦੀ ਪਤਨੀ ਅਤੇ ਬੇਟਾ ਵੀ ਕਰੋਨਾ ਪਾਜ਼ੇਟਿਵ ਹਨ, ਜਿਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਦੋਨਾਂ ਦੀ ਹਾਲਤ ਵਿਚ ਕਾਫੀ ਸੁਧਾਰ ਹੈ। ਇਸ ਮੌਕੇ 'ਤੇ ਐਸ.ਡੀ.ਐਮ ਮੋਰਿੰਡਾ ਹਰਬੰਸ ਸਿੰਘ, ਐਸ.ਡੀ.ਐਮ. ਚਮਕੌਰ ਸਾਹਿਬ ਮਨਕੰਵਲ ਸਿੰਘ, ਸਿਵਲ ਸਰਜਨ ਐਚ.ਐਨ ਸ਼ਰਮਾ, ਡਾ. ਰਾਜੀਵ ਗੁਪਤਾ, ਡੀ.ਐਸ.ਪੀ.ਸੁਖਜੀਤ ਸਿੰਘ ਵਿਰਕ ਤੇ ਰਾਜ ਕਪੂਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।