ਖ਼ਾਲਸੇ ਦੇ ਸਾਜਨਾ ਦਿਵਸ ਤੇ ਜਥੇਦਾਰ ਹਵਾਰਾ ਦੇ ਸੰਦੇਸ਼ ਦਾ ਪੰਜ ਸਿੰਘਾਂ ਵਲੋਂ ਸਮਰਥਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਸਿੰਘਾਂ ਨੇ ਤਿਹਾੜ ਜੇਲ 'ਚ ਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਦਾ ਸਮਰਥਨ ਕੀਤਾ ਹੈ। ਪ੍ਰੈਸ ਬਿਆਨ 'ਚ

File Photo

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜ ਸਿੰਘਾਂ ਨੇ ਤਿਹਾੜ ਜੇਲ 'ਚ ਬੰਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਦਾ ਸਮਰਥਨ ਕੀਤਾ ਹੈ। ਪ੍ਰੈਸ ਬਿਆਨ 'ਚ ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਦੇ ਜਥੇਦਾਰਾਂ ਵਲੋਂ ਸੌਦਾ ਸਾਧ ਨੂੰ ਬਿਨ ਮੰਗੇ ਮੁਆਫ਼ੀ ਦੇਣ ਦੇ ਬਾਅਦ ਪੰਜਾਂ ਸਿੰਘਾਂ ਵਲੋਂ ਸਿੱਖ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਜਥੇਦਾਰਾਂ ਨੂੰ ਤਲਬ ਕੀਤੇ ਜਾਣ ਤੇ ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਭਾਈ ਸਤਨਾਮ ਸਿੰਘ ਝੰਜੀਆ ਅਤੇ ਭਾਈ ਤਰਲੋਕ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਖ਼ਾਲਸਾ ਸਾਜਨਾ ਦਿਵਸ ਨੂੰ ਮਨਾਉਣ ਸਬੰਧੀ ਆਦੇਸ਼ ਦੀ ਪੂਰਨ ਹਮਾਇਤ ਕੀਤੀ ਹੈ।

ਸਿੰਘਾਂ ਨੇ ਕਿਹਾ ਮਹਾਂਮਾਰੀ ਦੇ ਚਲਦਿਆਂ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਮਿਲੀਆਂ ਹਦਾਇਤਾਂ ਅਤੇ ਗੁਰੂ ਸਾਹਿਬ ਵਲੋਂ ਬਖ਼ਸ਼ੀ ਰਹਿਤ ਮਰਿਆਦਾ ਅਨੁਸਾਰ ਜਿੱਥੇ ਜੂਠ-ਸੁੱਚ ਦਾ ਧਿਆਨ ਰਖਣਾ ਹੈ, ਉਥੇ ਮੌਜੂਦਾ ਸਮੇਂ ਵਿਚ ਸਰੀਰਕ ਦੂਰੀਆਂ ਬਣਾ ਕੇ ਰਖਣੀਆਂ  ਜ਼ਰੂਰੀ ਹਨ। ਪਰ ਇਸ ਦੇ ਨਾਲ-ਨਾਲ ਇਸ ਤੋਂ ਵੀ ਵੱਧ ਜ਼ਰੂਰੀ ਇਹ ਹੈ ਅਸੀਂ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਖ਼ਾਲਸੇ ਦੇ ਸਾਜਨਾ ਦਿਹਾੜੇ ਨੂੰ ਖ਼ਾਲਸਾ ਜੋਸ਼ ਅਤੇ ਉਤਸਾਹ ਨਾਲ ਮਨਾਉਂਦੇ ਹੋਏ ਅਪਣੇ ਅੰਦਰ ਆਨੰਦਪੁਰ ਸਾਹਿਬ ਦੇ ਵਾਸੀ ਹੋਣ ਦਾ ਮਾਣ ਮਹਿਸੂਸ ਕਰੀਏ।

ਇਸ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਜਥੇਦਾਰ ਹਵਾਰਾ ਵਲੋਂ ਜੋ ਕੌਮ ਦੇ ਨਾਂ ਸੰਦੇਸ਼ ਪ੍ਰਾਪਤ ਹੋਇਆ ਹੈ ਉਸ 'ਤੇ ਚਲਦਿਆਂ ਸਮੁੱਚੀ ਸਿੱਖ ਕੌਮ ਅਪਣੇ ਘਰਾਂ 'ਤੇ ਖ਼ਾਲਸਾਈ ਝੰਡੇ ਝੁਲਾਵੇ। ਉਨ੍ਹਾਂ ਕਿਹਾ ਇਸ ਸਮੇਂ ਪੂਰੇ ਪੰਜਾਬ ਵਿਚ ਤਾਲਾਬੰਦੀ ਹੈ ਪਰ ਸਾਨੂੰ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ  ਹਰ ਹੀਲੇ ਪਿੰਡਾਂ ਵਿਚੋਂ ਬੀਬੀਆਂ ਦੀ ਮਦਦ ਨਾਲ ਝੰਡੀਆਂ ਬਣਾਉਣੀਆਂ ਚਾਹੀਦੀਆਂ ਹਨ। ਜਿੱਥੇ ਕਿਧਰੇ ਝੰਡੀਆਂ ਨਾ ਬਣ ਸਕਣ ਉਥੇ ਖ਼ਾਲਸਾਈ ਕਪੜਾ ਅਪਣੇ ਘਰਾਂ ਦੇ ਗੇਟ ਜਾਂ ਕੋਠੇ ਦੇ ਬਨੇਰਿਆਂ 'ਤੇ ਬੰਨ੍ਹ ਦਿਤਾ ਜਾਵੇ। ਹਰ ਸਿੱਖ ਵਿਸਾਖੀ ਵਾਲੇ ਦਿਨ ਗੁਰਬਾਣੀ ਦਾ ਜਾਪ ਕਰ ਕੇ ਪੰਥ ਦੀ ਚੜ੍ਹਦੀ ਕਲਾ ਅਤੇ ਸਮੁੱਚੀ ਮਾਨਵਤਾ ਨੂੰ ਕਰੋਨਾ ਵਾਇਰਸ ਤੋਂ ਮੁਕਤ ਹੋਣ ਦੀ ਅਰਦਾਸ ਕਰੇ।