ਇੰਗਲੈਂਡ ਤੋਂ ਪਰਤਿਆ ਜੰਡਿਆਲਾ ਗੁਰੂ ਨਿਵਾਸੀ ਆਇਆ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਅੰਮ੍ਰਿਤਸਰ ਵਿਚ ਮਰੀਜ਼ਾਂ ਦੀ ਗਿਣਤੀ ਹੋਈ 9

File Photo

ਅੰਮ੍ਰਿਤਸਰ (ਅਰਵਿੰਦਰ ਵੜੈਚ): ਅੰਮ੍ਰਿਤਸਰ ਵਿੱਚ ਪਿਛਲੇ 2 ਦਿਨਾਂ ਤੋਂ ਬਾਅਦ ਕੋਰੋਨਾ ਵਾਇਰਸ ਪਾਜ਼ੀਟਿਵ ਕੇਸ ਪਾਇਆ ਗਿਆ। ਜੰਡਿਆਲਾ ਗੁਰੂ ਨਿਵਾਸੀ ਪਾਜ਼ੀਟਿਵ ਵਿਅਕਤੀ  ਇੰਗਲੈਂਡ ਤੋਂ ਜੰਡਿਆਲਾ ਗੁਰੂ ਅੰਮ੍ਰਿਤਸਰ ਆਇਆ ਸੀ। ਅੰਮ੍ਰਿਤਸਰ ਨਿਵਾਸਿਆਂ ਦੇ ਕੀਤੇ ਕੁੱਲ 32 ਟੈਸਟਾਂ ਵਿੱਚੋਂ ਇਕ ਦੀ ਰਿਪੋਰਟ ਪਾਜ਼ੀਟਿਵ ਅਤੇ 31 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।

ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜ਼ਿਲ੍ਹਿਆ ਦੇ ਲੋਕਾਂ ਦੇ 98 ਸੈਂਪਲ ਟੈਸਟ ਲਈ ਆਏ ਸਨ, ਜਿਨ੍ਹਾਂ ਵਿੱਚੋਂ ਜਲੰਧਰ ਦੇ 3 ਅਤੇ ਅੰਮ੍ਰਿਤਸਰ ਦਾ 1 ਕੇਸ ਪਾਜ਼ੀਟਿਵ ਆਇਆ ਜਦਕਿ 93 ਲੋਕਾਂ ਦੀ ਰੀਪੋਰਟ ਨੈਗੇਟਿਵ ਪਾਈ ਗਈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਕੁੱਲ 10 ਪਾਜ਼ੀਟਿਵ ਮਰੀਜ਼ ਪਾਏ ਗਏ ਸਨ, ਜਿਨ੍ਹਾਂ ਵਿੱਚੋਂ ਭਾਈ ਨਿਰਮਲ ਸਿੰਘ ਖਾਲਸਾ ਅਤੇ ਐਸ.ਈ. ਜਸਵਿੰਦਰ ਸਿੰਘ ਦੀ ਮੌਤ ਤੋਂ ਬਾਅਦ 8 ਮਰੀਜ਼ ਇਲਾਜ ਅਧੀਨ ਹਨ।

ਜੰਡਿਆਲਾ ਗੁਰੂ ਦਾ ਨਵਾ ਕੇਸ ਆਉਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਇਨ੍ਹਾਂ ਵਿੱਚੋਂ 5 ਮਰੀਜ਼ ਫੋਰਟਿਸ ਐਸਕਾਰਟ ਹਸਪਤਾਲ ਅਤੇ 4 ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ ਦਾਖਿਲ ਹਨ। ਅੰਮ੍ਰਿਤਸਰ ਦੀ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਸਿਹਤ ਵਿਭਾਗ ਦੀ ਡਾਇਰੈਕਟਰ ਬਣਾਇਆ ਗਿਆ ਹੈ।

ਉਨ੍ਹਾਂ ਦੀ ਜਗ੍ਹਾ ਪਠਾਨਕੋਟ ਵਿੱਚ ਤੈਨਾਤ ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਅੰਮ੍ਰਿਤਸਰ ਦੀ ਕੁਰਸੀ ਸੰਭਾਲਣਗੇ। ਜਾਣਕਾਰੀ ਮੁਤਾਬਕ ਸੋਮਵਾਰ ਤੱਕ ਡਾ. ਪ੍ਰਭਦੀਪ ਕੌਰ ਜੌਹਲ ਹੀ ਸਿਵਲ ਸਰਜਨ ਦੇ ਅਹੁੱਦੇ 'ਤੇ ਤੈਨਾਤ ਰਹਿਣਗੇ। ਉਨ੍ਹਾਂ ਦੇ ਜਾਣ ਤੋਂ ਬਾਅਦ ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਦਾ ਕਾਰਜਕਾਲ ਸੰਭਾਲ ਲੈਣਗੇ।