ਕੋਰੋਨਾ ਵਿਰੁਧ ਮੋਦੀ ਪੰਜਾਬ ਦਾ 6800 ਕਰੋੜ ਦਾ ਜੀ.ਐਸ.ਟੀ ਤੁਰਤ ਜਾਰੀ ਕਰਨ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋੜਵੰਦਾਂ ਤਕ ਰਾਸ਼ਨ ਪਹੁੰਚਾਉਣ ਲਈ ਵਾਧੂ ਪੈਸੇ ਦੀ ਸਖ਼ਤ ਲੋੜ

File Photo

ਚੰਡੀਗੜ੍ਹ(ਨੀਲ ਭਲਿੰਦਰ ਸਿੰਘ) : ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਦਿਵਾਇਆ ਕਿ ਵਿਧਾਨ ਸਭਾ ਵਿਚ ਜੀ.ਐਸ.ਟੀ ਬਿੱਲ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਇਕ ਦੇਸ਼ ਇਕ ਟੈਕਸ ਵਾਲੀ ਥਿਊਰੀ ਸੂਬਿਆਂ ਨੂੰ ਮਿਊਸੀਂਪਲਟੀਆਂ ਬਣਾ ਕੇ ਰੱਖ ਦੇਵੇਗੀ ਅਤੇ ਉਨ੍ਹਾਂ ਦੀ ਆਰਥਿਕ ਖੁਦਮੁਖਤਿਆਰੀ ਨੂੰ ਖੋਹ ਲਵੇਗੀ।

ਅੱਜ ਇਥੇ ਇਕ ਬਿਆਨ ਜਾਰੀ ਕਰਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਕੋਲ ਪੰਜਾਬ ਦੇ ਜੀ.ਐਸ.ਟੀ ਦੇ ਬਕਾਇਆ ਖੜੇ ਲਗਭਗ 6800 ਕਰੋੜ ਰੁਪਏ ਤੁਰਤ ਜਾਰੀ ਕੀਤੇ ਜਾਣ। ਖਹਿਰਾ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵੀ ਭੁੱਖ, ਮੈਡੀਕਲ ਰਾਹਤ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਿੱਲਤ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਕਰਫ਼ਿਊ ਕਾਰਨ 18 ਦਿਨਾਂ ਤੋਂ ਘਰ ਵਿਚ ਬੰਦ ਗ਼ਰੀਬ ਲੋੜਵੰਦ ਦਿਹਾੜੀਦਾਰਾਂ ਅਤੇ ਹੋਰਨਾਂ ਸਵੈ ਰੁਜ਼ਗਾਰ ਕਰਨ ਵਾਲੇ ਲੋਕਾਂ ਤਕ ਮਦਦ ਪਹੁੰਚਾਉਣ ਲਈ ਸਾਨੂੰ ਪੈਸੇ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 2.5 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਝੇਲ ਰਹੇ ਪੰਜਾਬ ਵਰਗੇ ਸੂਬੇ ਦੇ ਹੱਕੀ ਪੈਸੇ ਨੂੰ ਰੋਕ ਕੇ ਰੱਖਣ ਦਾ ਕੋਈ ਜਾਇਜ ਤਰਕ ਨਹੀਂ ਹੈ।