ਮਾਲੇਰਕੋਟਲਾ, 9 ਅਪ੍ਰੈਲ (ਡਾ. ਮੁਹੰਮਦ ਸ਼ਹਿਬਾਜ਼) : ਐਸ.ਡੀ.ਐਮ. ਮਾਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਸ਼ਹਿਰ ਦੀਆਂ ਵੱਖ-ਵੱਖ ਬੈਂਕਾਂ ਦਾ ਅਚਨਚੇਤ ਦੌਰਾ ਕਰ ਕੇ ਜਿਥੇ ਬੈਂਕਾਂ ਦੇ ਬਾਹਰ ਖੜ੍ਹੇ ਆਮ ਲੋਕਾਂ ਨਾਲ ਗੱਲਬਾਤ ਕੀਤੀ, ਉਥੇ ਬੈਂਕਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਬੈਂਕ ਦੇ ਅੰਦਰ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਦੇ ਬੈਂਕ ਦੇ ਬਾਹਰ ਹੀ ਹੱਥ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਸਾਫ਼ ਕਰਵਾਏ ਜਾਣ ਅਤੇ ਹਰ ਵਿਅਕਤੀ ਨੇ ਅਪਣੇ ਮੂੰਹ ਉਪਰ ਮਾਸਕ ਜ਼ਰੂਰ ਲਗਾਇਆ ਹੋਵੇ।
ਇਸ ਸਬੰਧੀ ਪਾਂਥੇ ਨੇ ਦਸਿਆ ਕਿ ਜ਼ਿਲ੍ਹੇ ਵਿਚ ਲਗਾਏ ਗਏ ਕਰਫ਼ਿਊੂ ਦੌਰਾਨ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬੈਂਕਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਐਸ.ਡੀ.ਐਮ ਨੇ ਦਸਿਆ ਕਿ ਅੱਜ ਮਾਲੇਰਕੋਟਲਾ ਸ਼ਹਿਰ ਵਿਚ ਸਥਿਤ ਅਲਾਹਾਬਾਦ ਬੈਂਕ ਬ੍ਰਾਂਚ ਠੰਢੀ ਸੜਕ, ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਲੀ ਪਲਾਜ਼ਾ ਮਾਲ ਦੇ ਨੇੜੇ, ਪੰਜਾਬ ਨੈਸ਼ਨਲ ਬੈਂਕ, ਕਲੱਬ ਚੌਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਸਰਹਿੰਦੀ ਗੇਟ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ, ਏ.ਡੀ.ਬੀ. ਬ੍ਰਾਂਚ, ਟਰੱਕ ਯੂਨੀਅਨ ਮਾਲੇਰਕੋਟਲਾ ਦਾ ਅਚਨਚੇਤ ਦੌਰਾ ਕੀਤਾ ਗਿਆ।
ਇਸ ਮੌਕੇ ਸਾਰੇ ਬੈਂਕਾਂ ਦੇ ਬਾਹਰ ਲੋਕ ਸੋਸ਼ਲ ਡਿਸਟੈਂਸ ਮੈਨਟੇਨ ਕਰ ਕੇ ਖੜ੍ਹੇ ਸਨ। ਇਸ ਮੌਕੇ ਬਾਦਲ ਦੀਨ ਤਹਿਸੀਲਦਾਰ ਮਾਲੇਰਕੋਟਲਾ, ਸ੍ਰੀ ਧਰਮ ਸਿੰਘ ਸੀਨੀਅਰ ਸਹਾਇਕ ਅਤੇ ਸ੍ਰੀ ਮਨਪ੍ਰੀਤ ਸਿੰਘ ਕਲਰਕ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵੀ ਮੌਜੂਦ ਸਨ।