ਕਰਫ਼ਿਊ ਦੌਰਾਨ ਮਲਟੀਪਰਪਜ਼ ਸਕੂਲ 'ਚ ਬਣਿਆ ਸ਼ੈਲਟਰ ਹੋਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਿੰ. ਚਹਿਲ ਤੇ ਹੋਰ ਕਰਮਚਾਰੀ ਨਿਭਾ ਰਹੇ ਹਨ ਜ਼ਿੰਮੇਵਾਰੀ

ਕਰਫ਼ਿਊ ਦੌਰਾਨ ਮਲਟੀਪਰਪਜ਼ ਸਕੂਲ 'ਚ ਬਣਿਆ ਸ਼ੈਲਟਰ ਹੋਮ

ਪਟਿਆਲਾ, 9 ਅਪ੍ਰੈਲ (ਰੁਪਿੰਦਰ ਸਿੰਘ) : ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੀ ਅਗਵਾਈ ਵਿਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਬਣਾਏ ਗਏ ਸ਼ੈਲਟਰ ਹੋਮ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਮੇਜ਼ਬਾਨ ਸਕੂਲ ਦੇ ਪ੍ਰਿੰ. ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਨਿਭਾ ਰਹੇ ਹਨ।


ਦਸਣਯੋਗ ਹੈ ਕਿ ਮਲਟੀਪਰਪਜ਼ ਸਕੂਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਪਤ ਕੀਤੇ ਗਏ ਸ਼ੈਲਟਰ ਹੋਮ ਵਿਖੇ 146 ਦੇ ਕਰੀਬ ਪ੍ਰਵਾਸੀ ਮਜ਼ਦੂਰ, ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਲਿਆਂਦੇ ਭਿਖਾਰੀ ਤੇ ਅਪੰਗ ਵਿਅਕਤੀ ਸ਼ਾਮਲ ਹਨ। ਇੰਨ੍ਹਾਂ ਵਿਅਕਤੀਆਂ 'ਚ 10 ਦੇ ਕਰੀਬ ਔਰਤਾਂ ਤੇ ਬੱਚੇ ਵੀ ਹਨ। ਇਨ੍ਹਾਂ ਵਿਅਕਤੀਆਂ ਦਾ 15 ਕਮਰਿਆਂ 'ਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਹਾਉਣ ਤੇ ਖਾਣ-ਪੀਣ ਦਾ ਵੀ ਵਧੀਆ ਇੰਤਜ਼ਾਮ ਕੀਤਾ ਗਿਆ ਹੈ।


ਪ੍ਰਿੰ. ਚਹਿਲ ਨੇ ਦਸਿਆ ਕਿ ਉਨ੍ਹਾਂ ਨਾਲ ਸਹਿਕਾਰੀ ਸਭਾਵਾਂ ਵਿਭਾਗ ਦੇ ਸਹਾਇਕ ਰਜਿਸਟਰਾਰ ਸਰਵੇਸ਼ਵਰ ਸਿੰਘ ਮੋਹੀ ਵੀ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਮਲਟੀਪਰਪਜ਼ ਸਕੂਲ ਦੇ ਚੌਥਾ ਦਰਜ਼ਾ ਕਰਮਚਾਰੀ ਰਾਮਰਤਨ, ਹਰਪ੍ਰੀਤ ਸਿੰਘ, ਰਣਧੀਰ ਸਿੰਘ, ਸ਼ਾਮ ਨਰਾਇਣ ਤੇ ਸ੍ਰੀਰਾਮ ਸਕੂਲ ਦੇ ਵੱਖ-ਵੱਖ ਗੇਟਾਂ 'ਤੇ ਨਿਰੰਤਰ ਪਹਿਰਾ ਦਿੰਦੇ ਹਨ ਅਤੇ ਸ਼ੈਲਟਰ ਹੋਮ 'ਚ ਮੌਜੂਦ ਵਿਅਕਤੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਦੇ ਹਨ। ਪ੍ਰਿੰ. ਚਹਿਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਸਵੀਪਰ ਸੁਰਜੀਤ ਕੌਰ, ਤੇਜ ਕੌਰ, ਜੋਗਿੰਦਰੋ ਤੇ ਰਾਜੀਵ ਕੁਮਾਰ ਸਫਾਈ ਦੀ ਜਿੰਮੇਵਾਰੀ ਨਿਭਾ ਰਹੇ ਹਨ।

ਇਸ ਦੇ ਨਾਲ ਹੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਭੇਜੇ ਗਏ ਦੋ ਕੌਂਸਲਰ ਵੀ ਇੰਨ੍ਹਾਂ ਵਿਅਕਤੀਆਂ ਦੀ ਸਮੇਂ-ਸਮੇਂ ਸਿਰ ਕੌਂਸਲਿੰਗ ਕਰਦੇ ਹਨ। ਥਾਣਾ ਸਿਵਲ ਲਾਈਨਜ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਸਮੇਂ-ਸਮੇਂ ਸਿਰ ਆਪਣੀ ਪੁਲਿਸ ਪਾਰਟੀ ਸਮੇਤ ਇੱਥੇ ਆਉਂਦੇ ਰਹਿੰਦੇ ਹਨ। ਪ੍ਰਿੰ. ਤੋਤਾ ਸਿੰਘ ਚਹਿਲ ਨੇ ਕਿਹਾ ਕਰੋਨਾ ਦੇ ਪ੍ਰਕੋਪ ਦੌਰਾਨ ਲੋੜਵੰਦਾਂ ਦੀ ਮੱਦਦ ਕਰਨ ਨਾਲ ਉਨ੍ਹਾਂ ਨੂੰ ਨਿਜੀ ਰੂਪ 'ਚ ਬਹੁਤ ਸੰਤੁਸ਼ਟੀ ਦੇਣ ਵਾਲਾ ਕਾਰਜ ਹੈ।