ਸਰਕਾਰੀ ਕਣਕ ਨਾਲ ਭਰੇ ਕੈਂਟਰ ਸਮੇਤ ਦੋ ਚੌਕੀਦਾਰਾਂ ਅਤੇ ਕੈਂਟਰ ਚਾਲਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਧਾਰਾ 409,420,379 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

File Photo

ਚੰਡੀਗੜ੍ਹ - ਸਿਟੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਕੀਤੀ ਨਾਕਾਬੰਦੀ ਦੌਰਾਨ ਸਰਕਾਰੀ ਕਣਕ ਵੇਚਣ ਜਾ ਰਹੇ ਇਕ ਕੈਂਟਰ ਨੂੰ ਕਾਬੂ ਕਰਕੇ ਪਨਸਪ ਗੋਦਾਮ ਦੇ ਦੋ ਚੌਕੀਦਾਰਾਂ ਅਤੇ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਟੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਤਰਪਾਲ ਦੇ ਨਾਲ ਢੱਕਿਆ ਇਕ ਕੈਂਟਰ ਜੋ ਮਹਿਤਪੁਰ ਰੋਡ 'ਤੇ ਸਥਿਤ ਪਨਸਪ ਦੇ ਸਰਕਾਰੀ ਗੋਦਾਮ ਤੋਂ ਪੰਜਾਬ ਸਰਕਾਰ ਦੇ ਮਾਅਰਕੇ ਵਾਲੀਆਂ ਕਣਕ ਦੀਆਂ ਬੋਰੀਆਂ ਕਰਮਚਾਰੀਆਂ ਅਤੇ ਗੋਦਾਮ ਦੇ ਚੌਕੀਦਾਰ ਦੀ ਮਿਲੀ ਭੁਗਤ ਨਾਲ ਵੇਚਣ ਲਈ ਨਕੋਦਰ ਆ ਰਹੇ ਹਨ।

 ਸੂਚਨਾ ਮਿਲਦੇ ਸਾਰ ਸਿਟੀ ਥਾਣਾ ਮੁਖੀ ਜਸਵਿੰਦਰ ਕੁਮਾਰ ਦੀ ਅਗਵਾਈ ਹੇਠ ਏ. ਐੱਸ. ਆਈ. ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਉਕਤ ਕੈਂਟਰ ਨੂੰ ਕਾਬੂ ਕਰਕੇ 270 ਸਰਕਾਰੀ ਮਾਰਕੇ ਵਾਲੀਆਂ ਕਣਕ ਦੀਆਂ ਬੋਰੀਆਂ ਪ੍ਰਤੀ ਬੋਰੀ (50ਕਿੱਲੋ) ਬਰਾਮਦ ਕੀਤੀਆਂ। ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਕੈਂਟਰ ਚਾਲਕ ਅਵਤਾਰ ਸਿੰਘ ਵਾਸੀ ਪਿੰਡ ਚੱਕ ਮੁਗਲਾਣੀ, ਪਨਸਪ ਗੁਦਾਮ ਦੇ ਚੌਕੀਦਾਰ ਸਨੀ ਪੁੱਤਰ ਹਮੇਸ਼ ਲਾਲ ਅਤੇ ਗੁਰ ਪ੍ਰਸ਼ਾਦ ਪੁੱਤਰ ਦੇਸ ਰਾਜ ਵਾਸੀ ਨਵੀਂ ਆਬਾਦੀ ਨਕੋਦਰ ਨੂੰ ਗ੍ਰਿਫ਼ਤਾਰ ਕਰਕੇ ਉਕਤ ਮੁਲਜ਼ਮਾਂ ਦੇ ਖਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਧਾਰਾ 409,420,379 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੌਰਾਨ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਵਿਚ ਹੋਰ ਕਿਹੜੇ-ਕਿਹੜੇ ਅਧਿਕਾਰੀ ਸ਼ਾਮਲ ਹਨ।