‘26 ਜਨਵਰੀ ਦੀ ਘਟਨਾ ਪਿਛੋਂ ਜੇ ਦਿੱਲੀ ਗੁਰਦਵਾਰਾ ਕਮੇਟੀ ਦੀ ਅਗਵਾਈ ਹੇਠ ਵਕੀਲ ਇਕਮੁੱਠ ਨਾ ਹੁੰਦੇ ਤਾ

ਏਜੰਸੀ

ਖ਼ਬਰਾਂ, ਪੰਜਾਬ

‘26 ਜਨਵਰੀ ਦੀ ਘਟਨਾ ਪਿਛੋਂ ਜੇ ਦਿੱਲੀ ਗੁਰਦਵਾਰਾ ਕਮੇਟੀ ਦੀ ਅਗਵਾਈ ਹੇਠ ਵਕੀਲ ਇਕਮੁੱਠ ਨਾ ਹੁੰਦੇ ਤਾਂ ਹੁਣ ਤੱਕ 149 ਜ਼ਮਾਨਤਾਂ ਨਹੀਂ ਸਨ ਹੋਣੀਆਂ’

image

ਨਵੀਂ ਦਿੱਲੀ: 9 ਅਪ੍ਰੈਲ (ਅਮਨਦੀਪ ਸਿੰਘ) : 26 ਜਨਵਰੀ ਦੀ ‘ਕਿਸਾਨ ਟਰੈਕਟਰ ਪਰੇਡ’ ਪਿਛੋਂ ਲਾਲ ਕਿਲ੍ਹੇ ‘ਤੇ ਵਾਪਰੇ ਘਟਨਾਕ੍ਰਮ ਪਿਛੋਂ ਦਿੱਲੀ ਵਿਚ ਕਿਸਾਨਾਂ ਤੇ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ/ ਲਾਪਤਾ ਹੋਣਾ ਤੇ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਜ਼ਮਾਨਤਾ ਕਰਵਾਉਣ ਲਈ ਉੱਭਰ ਕੇ ਸਾਹਮਣੇ ਆਉਣ ਨੂੰ ਲੈ ਕੇ ਕਿਸਾਨ ਮੋਰਚੇ ਦੇ ਮੁਖ ਆਗੂ ਬਲਬੀਰ ਸਿੰਘ ਰਾਜੇਵਾਲ ਵਲੋਂ ਇਸ ਮੁੱਦੇ ‘ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ‘ਤੇ ਆਪਣੇ ਮੁਫ਼ਾਦ ਸਿਧ ਕਰਨ ਤੇ ਜ਼ਮਾਨਤਾਂ ਵਿਚ ਕੋਈ ਸਹਿਯੋਗ ਨਾਲ ਦੇਣ ਦੇ ਦਿਤੇ ਬਿਆਨ ਨਾਲ ਜ਼ਮਾਨਤਾਂ ਦੇ ਅਮਲ ਵਿਚ ਡੱਟੇ ਹੋਏ ਵਕੀਲਾਂ ਦੇ ਦਿਲਾਂ ਨੂੰ ਸੱਟ ਵੱਜੀ ਹੈ।
ਅੱਜ ਇਥੇ ਪੱਤਰਕਾਰ ਮਿਲਣੀ ਕਰਦੇ ਹੋਏ ਕਈ ਵਕੀਲਾਂ ਨੇ ਇਕਸੁਰ ਵਿਚ ਕਿਹਾ ਕਿ ਜੇ ਸ.ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਵਕੀਲ ਇਕਮੁੱਠ ਹੋ ਕੇ ਆਪਣੇ ਕਿਸਾਨ ਭਰਾਵਾਂ ਨੂੰ ਜੇਲ੍ਹਾਂ ‘ਚੋਂ ਰਿਹਾਅ ਕਰਵਾਉਣ ਲਈ ਸਾਹਮਣੇ ਨਾ ਆਉਂਦੇ ਤਾਂ ਅੱਜ ਮਾਹੌਲ ਹੀ ਕੁੱਝ ਹੋਰ ਹੋਣਾ ਸੀ ਤੇ ਕਿਸਾਨ ਮੋਰਚੇ ਦੀ ਏਕਤਾ ਨੂੰ ਡਾਢੀ ਸੱਟ ਵੱਜਣੀ ਸੀ। ਸ.ਰਾਜੇਵਾਲ ਦੇ ਬਿਆਨ ਨਾਲ ਉਨ੍ਹਾਂ ਨੌਜਵਾਨ ਵਕੀਲਾਂ ਦੇ ਦਿਲਾਂ ਨੂੰ ਸੱਟ ਵੱਜੀ ਹੈ ਜੋ ਦਿਨ ਰਾਤ ਇਕ ਕਰ ਕੇ ਕਿਸਾਨ ਭਰਾਵਾਂ/ ਲਾਪਤਾ ਨੌਜਵਾਨਾਂ ਦੀ ਅਦਾਲਤਾਂ ਵਿਚ ਪੈਰਵਾਈ ਕਰ ਰਹੇ ਹਨ। ਕਿਸਾਨਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੀ ਟੀਮ ਦੇ ਮੁਖੀ ਵਕੀਲ ਵਰਿੰਦਰਪਾਲ ਸਿੰਘ ਸੰਧੂ ਨੇ ਐਡਵੋਕੇਟ ਰਵਿੰਦਰ ਕੌਰ ਬੱਤਰਾ ਸਣੇ  ਹੋਰਨਾਂ ਨੌਜਵਾਨ ਵਕੀਲਾਂ ਦੀ ਹਾਜ਼ਰੀ ਵਿਚ ਕਿਹਾ, “ਵੱਖ-ਵੱਖ ਸੂਬਿਆਂ ਦੇ 150 ਵਕੀਲਾਂ ਨੇ ਨਿਸ਼ਕਾਮ ਭਾਵਨਾ ਨਾਲ ਦਿੱਲੀ ਗੁਰਦਵਾਰਾ ਕਮੇਟੀ ਦੀ ਅਗਵਾਈ ਹੇਠ ਸਿਰਫ਼ ਕਿਸਾਨਾਂ ਭਰਾਵਾਂ ਨਾਲ ਖੜੇ ਹੋਣ ਤੇ ਕਿਸਾਨ ਮੋਰਚੇ ਨੂੰੰ ਕਮਜ਼ੋਰ ਨਾ ਪੈਣ ਦੇਣ ਲਈ ਹੀ ਦਿਨ ਰਾਤ ਇਕ ਕਰ ਕੇ ਹੁਣ ਤੱਕ 149 ਕਿਸਾਨਾਂ/ ਨੌਜਵਾਨਾਂ ਦੀਆਂ ਜ਼ਮਾਨਤਾਂ ਕਰਵਾਈਆਂ ਹਨ। ਸ.ਰਾਜੇਵਾਲ ਸਤਿਕਾਰਯੋਗ ਆਗੂ ਹਨ, ਪਰ ਉਨ੍ਹਾਂ ਨੂੰੰ ਤੱਥਾਂ ਦਾ ਪੂਰੀ ਤਰ੍ਹਾਂ ਗਿਆਨ ਨਹੀਂ, ਇਸ ਲਈ ਉਹ ਵਕੀਲਾਂ ਦੀ ਸਮੁੱਚੀ ਕਾਰਵਾਈ ਨੂੰੰ ਸ਼ੱਕ ਦੀ ਨਿਗਾਹ ਨਾਲ ਵੇਖ ਰਹੇ ਹਨ। ਜਦੋਂ ਜਦੋਂ ਵੀ ਕਿਸਾਨਾਂ ਦੀਆਂ ਜ਼ਮਾਨਤਾਂ ਕਰਵਾਈਆਂ ਗਈਆਂ, ਉਸ ਬਾਰੇ ਬਕਾਇਦਗੀ ਨਾਲ ਸੰਯੁਕਤ ਕਿਸਾਨ ਮੋਰਚੇ ( ਕਿਸਾਨ ਏਕਤਾ ਮੋਰਚਾ ) ਦੇ ਫੇਸਬੁੱਕ ਪੰਨੇ ਰਾਹੀਂ ਕਿਸਾਨ ਆਗੂ ਐਡਵੋਕੇਟ ਪ੍ਰੇਮ ਸਿੰਘ ਸ.ਭੰਗੂ ਜਾਣਕਾਰੀ ਸਾਂਝੇ ਕਰਦੇ ਰਹੇ। ਇਹ ਸਾਰਾ ਰੀਕਾਰਡ ਅੱਜ ਵੀ ਕਿਸਾਨ ਏਕਤਾ ਮੋਰਚਾ ਦੇ ਫੇੱਸਬੁਕ ਪੰਨੇ ‘ਤੇ ਵੇਖਿਆ ਜਾ ਸਕਦਾ ਹੈ। ਸ.ਸਿਰਸਾ ਤੇ ਅੇਡਵੋਕੇਟ ਪ੍ਰੇਮ ਸਿੰਘ ਭੰਗੂ ਜੇਲ੍ਹ ਚੋਂ ਰਿਹਾਅ ਹੋਣ ਵਾਲੇ ਕਿਸਾਨਾਂ/ ਨੌਜਵਾਨਾਂ ਨੂੰ ਸਿਰਪਾਉ ਦੇਣ ਇਸ ਲਈ ਜਾਂਦੇ ਰਹੇ ਤਾ ਕਿ ਕਿਸਾਨਾਂ ਦੇ ਹੌਂਸਲੇ ਬੁਲੰਦ ਰੱਖੇ ਜਾ ਸਕਣ ਤੇ ਕਿਸਾਨ ਮੋਰਚੇ ਨੂੰ ਬਲ ਮਿਲਦਾ ਰਹੇ। 26 ਜਨਵਰੀ ਪਿਛੋਂ ਹਰ ਰੋਜ਼ 20-20 ਕਿਸਾਨਾਂ ਦੀਆਂ ਜ਼ਮਾਨਤਾਂ ਕਰਵਾਈਆਂ ਗਈਆਂ ਹਨ ਤੇ ਦਿੱਲੀ ਕਮੇਟੀ ਵਲੋਂ ਵਕੀਲਾਂ ਨੂੰ ਦੋ ਕਦਮ ਅੱਗੇ ਵੱਧ ਕੇ, ਦਫ਼ਤਰ ਦੇਣ ਸਣੇ ਹਰ ਤਰ੍ਹਾਂ ਦਾ ਸਹਿਯੋਗ ਦਿਤਾ ਗਿਆ।’’

ਫ਼ੋਟੋ ਕੈਪਸ਼ਨ:- ਕਿਸਾਨਾਂ ਦੀਆਂ ਜ਼ਮਾਨਤਾਂ ਕਰਵਾਉਣ ਦੇ ਅਮਲ ਬਾਰੇ ਦੱਸਦੇ ਹੋਏ ਵਕੀਲ ਵਰਿੰਦਰਪਾਲ ਸਿੰਘ ਸੰਧੂ, ਰਵਿੰਦਰ ਕੌਰ ਬਤਰਾ ਤੇ ਹੋਰ ।