ਪੀ ਏ ਯੂ ਦੇ ਵਾਈਸ ਚਾਂਸਲਰ ਨੇ ਖੇਤੀ ਪ੍ਰੋਸੈਸਿੰਗ ਕੇਂਦਰ ਦਾ ਨੀਂਹ-ਪੱਥਰ ਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਯੂਨਿਟ ਖੇਤੀਬਾੜੀ ਵਿਭਾਗ ਦੇ ਆਰਥਿਕ ਸਹਿਯੋਗ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ।

PAU VC LAYS FOUNDATION STONE OF AGRO PROCESSING CENTRE

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ, ਪਦਮਸ਼੍ਰੀ ਐਵਾਰਡੀ ਨੇ ਲੁਧਿਆਣਾ ਕੈਂਪਸ ਵਿਚ ਖੇਤੀ ਪ੍ਰੋਸੈਸਿੰਗ ਕੇਂਦਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਖੇਤੀ ਖੇਤਰ ਦੀਆਂ ਬਦਲਦੀਆਂ ਲੋੜਾਂ ਦੇ ਮੱਦੇਨਜ਼ਰ ਪੀ ਏ ਯੂ ਵਿਚ ਨਵੀਨ ਤਰਜ਼ ਦਾ ਖੇਤੀ ਪ੍ਰੋਸੈਸਿੰਗ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੈਦਾ ਹੁੰਦਾ ਅਨਾਜ ਦਾ ਹਰ ਦਾਣਾ ਹਰ ਸੰਭਵ ਤਰੀਕੇ ਨਾਲ ਵਰਤੋਂ ਵਿਚ ਆਉਣਾ ਲਾਜ਼ਮੀ ਹੈ। ਖੇਤੀ ਉਪਜ ਦੀ ਵਾਢੀ ਤੋਂ ਬਾਅਦ ਬਰਬਾਦੀ ਕਿਸਾਨਾਂ ਦੀ ਮਿਹਨਤ ਨਾਲ ਅਨਿਆਂ ਵਾਂਗ ਹੈ। ਇਸ ਲਈ ਖੇਤੀ ਉਪਜ ਵਿਚ ਮੁੱਲ-ਵਾਧੇ ਦੇ ਤਰੀਕੇ ਅਪਨਾਉਣ ਦੀ ਸਿਖਲਾਈ ਲਈ ਇਸ ਕੇਂਦਰ ਦੀ ਸਥਾਪਨਾ ਹੋ ਰਹੀ ਹੈ।

ਉਨ੍ਹਾਂ ਕਿਸਾਨੀ ਸਮਾਜ ਨੂੰ ਅਪੀਲ ਕੀਤੀ ਕਿ ਆਪਣੀ ਖੇਤੀ ਨੂੰ ਮੁਨਾਫ਼ੇਯੋਗ ਕਿੱਤਾ ਬਣਾਉਣ ਲਈ ਖਪਤਕਾਰਾਂ ਦੀ ਮੰਗ ਅਨੁਸਾਰ ਮਿਆਰੀ ਉਤਪਾਦਾਂ ਦੀ ਪ੍ਰੋਸੈਸਿੰਗ ਦੇ ਰਸਤੇ ਤੁਰਨ। ਡਾ ਢਿੱਲੋਂ ਨੇ ਆਸ ਪ੍ਰਗਟਾਈ ਕਿ ਇਹ ਕੇਂਦਰ ਪੇਂਡੂ ਨੌਜਵਾਨੀ ਨੂੰ ਕਾਰੋਬਾਰੀ ਦਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਰਿੰਗ ਵਿਭਾਗ ਵਲੋਂ ਗੁੜ ਬਣਾਉਣ ਦੀ ਨਵੀਨ ਤਕਨੀਕ ਦੀ ਸਿਖਲਾਈ ਅਤੇ ਪ੍ਰਦਰਸ਼ਨ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ।

ਜ਼ਿਕਰਯੋਗ ਹੈ ਕਿ ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਵਲੋਂ ਮਿਲਾਵਟ ਮੁਕਤ ਗੁੜ ਬਣਾਉਣ ਦੀ ਤਕਨੀਕ ਨੂੰ ਰਾਜ ਦੇ ਕਿਸਾਨਾਂ ਤਕ ਪ੍ਰਸਾਰਿਤ ਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪੀ ਏ ਯੂ ਨੇ ਪਿਛਲੇ ਤਿੰਨ ਸਾਲਾਂ ਤੋਂ ਇਸ ਦਿਸ਼ਾ ਵਿਚ ਬਹੁਤ ਅਹਿਮ ਕਾਰਜ ਕੀਤਾ ਗਿਆ ਹੈ। ਇਹ ਯੂਨਿਟ ਖੇਤੀਬਾੜੀ ਵਿਭਾਗ ਦੇ ਆਰਥਿਕ ਸਹਿਯੋਗ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ਦੇ ਵਿਭਾਗ ਦੇ ਜੁਆਇੰਟ ਨਿਰਦੇਸ਼ਕ ਡਾ ਗੁਰਵਿੰਦਰ ਸਿੰਘ ਨੇ ਇਸ ਯੂਨਿਟ ਦੀ ਸਥਾਪਨਾ ਲਈ ਦਿਲਚਸਪੀ ਦਿਖਾਈ ਹੈ।

ਖੇਤੀ ਇੰਜਨੀਰਿੰਗ ਕਾਲਜ ਦੇ ਡੀਨ ਡਾ ਅਸ਼ੋਕ ਕੁਮਾਰ ਨੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਰਿੰਗ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਇਸ ਸਮਾਰੋਹ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਹੁਸ਼ਿਆਰਪੁਰ ਤੋਂ ਸ਼੍ਰੀ ਜਸਵੀਰ ਸਿੰਘ, ਹਰਪ੍ਰੇਮ ਚੰਦ ਵਸ਼ਿਸ਼ਟ, ਸ਼੍ਰੀ ਸੁਖਮਿੰਦਰ ਸਿੰਘ ਤੋਂ ਇਲਵਾ ਦਸੂਹਾ ਦੇ ਪਿੰਡ ਖੁੱਡਾ ਤੋਂ ਸ਼੍ਰੀ ਗੁਰਪ੍ਰੀਤ ਸਿੰਘ ਮੌਜੂਦ ਸਨ।