ਹਾਈ ਕੋਰਟ ਵੱਲੋਂ IG ਕੁੰਵਰ ਵਿਜੈ ਪ੍ਰਤਾਪ ਦੀ ਸਿੱਟ ਨੂੰ ਬਦਲਣ ਕਾਰਨ ਸਿੱਖ ਸੰਗਤਾਂ ਵਿੱਚ ਰੋਸ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਾਬ ਬਰਗਾੜੀ ਬੇਅਦਬੀ ਦੀਆਂ ਪੈੜਾਂ ਕਦੋਂ ਜਾਣਗੀਆਂ ਬਾਦਲਾਂ ਦੇ ਘਰ: ਜਥੇਦਾਰ ਦਾਦੂਵਾਲ

IG Kunwar Vijay Pratap

ਚੰਡੀਗੜ੍ਹ: ਬੀਤੇ ਦਿਨੀਂ ਹਾਈ ਕੋਰਟ ਵੱਲੋਂ ਬਰਗਾੜੀ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਨੂੰ ਬਦਲਣ ਦੇ ਕੀਤੇ ਫ਼ੈਸਲੇ ਤੋਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਇਸ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪੱਤਰਕਾਰ ਵਾਰਤਾ ਦੌਰਾਨ ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ਼ ਅੱਜ ਵੀ ਉੱਥੇ ਹੀ ਖੜ੍ਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਯਾਰੀ ਪੁਗਾਉਂਦੇ ਹੋਏ ਇਸ ਸਿਸਟਮ ਨੂੰ ਬਦਲਣ ਦੀ ਸਹਿਮਤੀ ਦਿੰਦੇ ਰਹੇ ਹਨ ਜਿਸ ਦੇ ਚਲਦੇ ਹੀ ਹਾਈ ਕੋਰਟ ਵੱਲੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਸੈੱਟ ਜੋ ਕਿ ਸਖ਼ਤ ਮਿਹਨਤ ਨਾਲ ਇਸ ਕਾਂਡ ਦੇ ਅਸਲ ਦੋਸ਼ੀਆਂ ਤੱਕ ਪਹੁੰਚ ਚੁੱਕੀ ਸੀ ਨੂੰ ਬਦਲਣ ਦੇ ਹੁਕਮ ਦਿੱਤੇ ਗਏ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਿਟ ਦੇ ਮੁਖੀ ਵਜੋਂ ਬਦਲਣ ਤੇ ਸਹਿਮਤੀ ਦੇਣੀ ਬਾਦਲ ਕੈਪਟਨ ਦੋਸਤੀ ਵੱਲ ਇਸ਼ਾਰਾ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਬਚਾਉਣ ਵਾਸਤੇ ਹੀ  ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਿਆ ਹੈ ਕਿਉਂਕਿ ਬਾਦਲ ਚਿਰ ਤੋਂ ਹੀ ਮੰਗ ਕਰ ਰਹੇ ਸਨ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਿਆ ਜਾਵੇ ਅਤੇ ਹਾਈ ਕੋਰਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਸਿੱਟ ਦੇ ਹੱਕ ਵਿੱਚ ਕੈਪਟਨ ਸਰਕਾਰ ਦੇ ਵਕੀਲਾਂ ਦਾ ਨਾ ਖੜ੍ਹਨਾ ਬਹੁਤ ਹੀ ਚਿੰਤਾਜਨਕ ਹੈ।

ਉਨ੍ਹਾਂ ਕੈਪਟਨ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਕੀਤੇ ਵਾਅਦੇ ਮੁਤਾਬਕ ਬਰਗਾੜੀ ਬੇਅਦਬੀ ਦੀਆਂ ਪੈੜਾਂ ਕਦੋਂ ਬਾਦਲਾਂ ਦੇ ਘਰ ਵੱਲ ਜਾਣਗੀਆਂ  ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਸਿੱਖ ਸੰਗਤਾਂ ਨੂੰ ਕਦੋਂ ਇਨਸਾਫ਼ ਮਿਲੇਗਾ? ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਗੁਨਾਹਗਾਰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਭਾਵੇਂ ਉਹ ਸੌਦਾ ਸਾਧ ਹੋਵੇ ਜਾਂ ਬਾਦਲ ਹੋਣ ਬਰਗਾੜੀ ਬੇਅਦਬੀ ਕਾਂਡ ਨੂੰ ਕੈਪਟਨ ਸਰਕਾਰ ਵੱਲੋਂ ਠੰਡੇ ਬਸਤੇ ਵਿਚ ਪਾਉਣ ਦੇ ਮਸਲੇ ਦੇ ਖਿਲਾਫ਼ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦ ਪਰਿਵਾਰਾਂ ਨੂੰ ਨਾਲ ਲੈ ਕੇ ਸੁਪਰੀਮ ਕੋਰਟ ਤੱਕ ਜਾਵੇਗੀ ਅਤੇ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ ਜ਼ਰੂਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸਿੱਟ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਡੇ  ਐਲਾਨ ਕਰਨ ਦੀ ਗੱਲ ਬੀਤੇ ਕੁਝ ਦਿਨ ਪਹਿਲਾਂ ਕਹੀ ਗਈ ਸੀ ਜਿਸ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਈ ਸਿੱਟ ਨੂੰ ਬਦਲਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਸਨ।