ਦਿੱਲੀ ਗੁਰਦਵਾਰਾ ਚੋਣਾਂ ਤੋਂ ਬਾਅਦ ਹੋ ਸਕਦੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਕਮਿਸ਼ਨਰ ਦਫ਼ਤਰ ਲਈ ਸਟਾਫ਼ ਨਿਯੁਕਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿਤੀ ਹੈ।

Shiromani Gurdwara Parbandhak Committee

ਚੰਡੀਗੜ੍ਹ  (ਗੁਰਉਪਦੇਸ਼ ਭੁੱਲਰ): ਦਿੱਲੀ ਗੁਰਦਵਾਰਾ ਮੈਨਜਮੈਂਟ ਦੀਆਂ ਚੋਣਾਂ ਦਾ ਕੰਮ ਪੂਰਾ ਹੋਣ ਬਾਅਦ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਐਸ.ਜੀ.ਪੀ.ਸੀ. ਦੀਆਂ ਆਮ ਚੋਣਾਂ ਬਾਰੇ ਅਗਲੇ ਮਹੀਨੇ ਮਈ ਵਿਚ ਐਲਾਨ ਹੋ ਸਕਦਾ ਹੈ। ਕੇਂਦਰ ਸਰਕਾਰ ਵਲੋਂ ਐਸ.ਜੀ.ਪੀ.ਸੀ. ਚੋਣਾਂ ਲਈ ਨਿਯੁਕਤ ਗੁਰਦਵਾਰਾ ਚੋਣ ਕਮਿਸ਼ਨਰ ਜਸਟਿਸ (ਰਿਟਾ.) ਐਸ.ਐਸ.ਸਾਰੋਂ ਵਲੋਂ ਵੀ ਅਪਣਾ ਕੰਮਕਾਰ ਸ਼ੁਰੂ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਭਾਵੇਂ ਪਹਿਲਾਂ ਸੂਬਾ ਸਰਕਾਰ ਵਲੋਂ ਗੁਰਦਵਾਰਾ ਚੋਣ ਕਮਿਸ਼ਨਰ ਲਈ ਦਫ਼ਤਰ ਤੇ ਸਟਾਫ਼ ਦਾ ਪ੍ਰਬੰਧ ਨਹੀਂ ਸੀ ਕੀਤਾ ਗਿਆ ਪਰ ਪਿਛਲੇ ਦਿਨਾਂ ਵਿਚ ਚੰਡੀਗੜ੍ਹ ਦੇ ਸੈਕਟਰ 17 ਸਥਿਤ ਸਥਾਪਤ ਕੀਤੇ ਗਏ ਦਫ਼ਤਰ ਨੂੰ ਕਲੀ-ਕੂਚੀ ਵਗੈਰਾ ਕਰ ਕੇ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਕਮਿਸ਼ਨਰ ਦਫ਼ਤਰ ਲਈ ਸਟਾਫ਼ ਨਿਯੁਕਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿਤੀ ਹੈ।

ਇਸ ਤੋਂ ਸਪੱਸ਼ਟ ਹੈ ਕਿ ਐਸ.ਜੀ.ਪੀ.ਸੀ. ਚੋਣਾਂ ਲਈ ਤਿਆਰੀਅਆਂ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਅਕਾਲੀ ਭਾਜਪਾ ਗਠਜੋੜ ਟੁੱਟਣ ਬਾਅਦ ਹੁਣ ਭਾਜਪਾ ਵੀ ਅਕਾਲੀ ਦਲ ਨੂੰ ਅਪਣਾ ਰੰਗ ਦਿਖਾਉਣੀ ਚਾਹੁੰਦੀ ਹੈ ਜਿਸ ਲਈ ਚੋਣਾਂ ਦਾ ਐਲਾਨ ਕਰੇਗੀ ਕਿਉਂਕਿ ਬਾਦਲ ਵਿਰੋਧੀ ਸਾਰੇ ਹੀ ਪੰਥਕ ਦਲ ਐਸ.ਜੀ.ਪੀ.ਸੀ. ਚੋਣਾਂ ਦੀ ਮੰਗ ਕਰ ਰਹੇ ਹਨ।

ਇਨ੍ਹਾਂ ਚੋਣਾਂ ਵਿਚ ਪੰਥਕ ਮੁੱਦਿਆਂ ਦੇ ਆਧਾਰ ਉਤੇ ਅਕਾਲ ਦਲ ਬਾਦਲ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਏਗਾ। ਇਸ ਲਈ ਇਹ ਚੋਣਾਂ ਇਸ ਸਾਲ ਵਿਚ ਹੋ ਸਕਦੀਆਂ ਹਨ ਅਤੇ ਇਨ੍ਹਾਂਨੂੰ ਕਰਵਾਉਣ ਦਾ ਐਲਾਨ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕੀਤਾ ਜਾਣਾ ਹੈ।

2011 ’ਚ ਹੋਈਆਂ ਸਨ ਐਸ.ਜੀ.ਪੀ.ਸੀ. ਦੀਆਂ ਆਮ ਚੋਣਾਂ
ਜ਼ਿਕਰਯੋਗ ਹੈ ਕਿ ਭਾਵੇਂ ਐਸ.ਜੀ.ਪੀ.ਸੀ. ਚੋਣਾਂ 5 ਸਲਾ ਬਾਅਦ ਨਿਯਮਾਂ ਮੁਤਾਬਕ ਹੋਣੀਆਂ ਹੁੰਦੀਆਂ ਹਨ ਪਰ ਪਿਛਲੀਆਂ ਚੋਣਾਂ 2011ਵਿਚ ਹੋਈਆਂ ਸਨ। ਉਸ ਤੋਂ ਬਾਅਦ ਕੋਰਟ ਦੇ ਮਾਮਲਿਆਂ ਕਾਰਨ 10 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। 2016 ਤੋਂ ਬਾਅਦ ਪਿਛਲੇ ਮੈਂਬਰ ਵੀ ਪੰਜ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ ਅਤੇ ਹੁਣ ਸਤੰਬਰ ਮਹੀਨੇ ਇਨ੍ਹਾਂ ਦੀ ਮਿਆਦ ਵੀ ਖ਼ਤਮ ਹੋਈ ਹੈ ਤੇ ਇਸ ਹਿਸਾਬ ਨਾਲ ਨਵੰਬਰ ਮਹੀਨੇ ਚੋਣਾਂ ਬਣਦੀਆਂ ਹਨ। ਕੁਲ 190 ਐਸ.ਜੀ.ਪੀ.ਸੀ. ਮੈਂਬਰ ਚੁਣੇ ਜਾਣੇ ਹਨ, ਜਿਨ੍ਹਾਂ ਵਿਚ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਮੈਂਬਰ ਵੀ ਸ਼ਾਮਲ ਹਨ। ਹੁਣ ਗੁਰਦਵਾਰਾ ਚੋਣ ਕਮਿਸ਼ਨਰ ਦੇ ਕੰਮ ਸੰਭਾਲਣ ਦੀ ਤਿਆਰੀ ਬਾਅਦ ਸਪੱਸ਼ਟ ਹੈ ਕਿ ਇਨ੍ਹਾਂ ਚੋਣਾਂ ਦਾ ਛੇਤੀ ਹੀ ਐਲਾਨ ਹੋ ਸਕਦਾ ਹੈ।