ਸ਼੍ਰੋਮਣੀ ਕਮੇਟੀ ਲਈ ਪਾਠ-ਬੋਧ ਸਮਾਗਮਾਂ ਤੋਂ ਪਹਿਲਾਂ ਪਾਠ-ਭੇਦਾਂ ਦਾ ਨਿਰਣਾਇਕ ਨਿਪਟਾਰਾ ਜ਼ਰੂਰੀ : ਜਾ
ਸ਼੍ਰੋਮਣੀ ਕਮੇਟੀ ਲਈ ਪਾਠ-ਬੋਧ ਸਮਾਗਮਾਂ ਤੋਂ ਪਹਿਲਾਂ ਪਾਠ-ਭੇਦਾਂ ਦਾ ਨਿਰਣਾਇਕ ਨਿਪਟਾਰਾ ਜ਼ਰੂਰੀ : ਜਾਚਕ
ਅਤਿਅੰਤ ਸੰਵੇਦਨਸ਼ੀਲ ਮਸਲੇ ਨੂੰ ਪ੍ਰਮੁੱਖਤਾ ਨਾਲ ਹੱਲ ਕਰਨ ਦਾ ਹੋਵੇ ਯਤਨ
ਕੋਟਕਪੂਰਾ, 9 ਅਪ੍ਰੈਲ (ਗੁਰਿੰਦਰ ਸਿੰਘ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਜਨਮ-ਸ਼ਤਾਬਦੀ ਨੂੰ ਸਮਰਪਤ ਵੱਖ-ਵੱਖ ਸਥਾਨਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਬੋਧ ਸਮਾਗਮ ਕਰਵਾਏ ਜਾ ਰਹੇ ਹਨ ਜੋ ਸ਼ਲਾਘਾਯੋਗ ਉਪਰਾਲਾ ਹੈ ਪਰ ਉਤਰਾਖੰਡ ਦੇ ਇਤਿਹਾਸਕ ਗੁਰਦਵਾਰਾ ਨਾਨਕ ਮਤਾ, ਊਧਮ ਸਿੰਘ ਨਗਰ ਦੇ ਸਮਾਗਮ ਦੀ ਜੋ ਵੀਡੀਉ ਵਾਇਰਲ ਹੋਈ ਹੈ, ਉਸ ਨੂੰ ਸੁਣ ਕੇ ਇਸ ਨਤੀਜੇ ’ਤੇ ਪੁੱਜਾ ਹਾਂ ਕਿ ਸ਼੍ਰੋਮਣੀ ਕਮੇਟੀ ਲਈ ਹੁਣ ਅਜਿਹੇ ਸਮਾਗਮ ਕਰਵਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਭੇਦਾਂ ਦਾ ਨਿਰਣਾਇਕ ਨਿਪਟਾਰਾ ਕਰਵਾਉਣਾ ਅਤਿਅੰਤ ਲਾਜ਼ਮੀ ਹੋ ਗਿਆ ਹੈ, ਕਿਉਂਕਿ ਪੁਰਾਤਨ ਹੱਥ ਲਿਖਤੀ ਬੀੜਾਂ ਦੇ ਸਹਾਰੇ ਬਣੀ ਸੰਪਰਦਾਈ ਮਿਥ ਮੁਤਾਬਕ ਵੀਡੀਉ ’ਚ ਦਸਿਆ ਗਿਆ ਹੈ ਕਿ ਮਹਲਾ ਨੌਵਾਂ ਦੇ ਸਲੋਕਾਂ ਵਿਚ “ਬਲ ਹੋਆ ਬੰਧਨ ਛੁਟੇ॥” ਦੋਹਰੇ ਦਾ ਸਿਰਲੇਖ ਮਹਲਾ 10ਵਾਂ ਹੈ, ਪਾਤਸ਼ਾਹੀ 10 ਵੀ ਮਿਲਦਾ ਹੈ। ਅਜਿਹੀ ਦੁਬਿਧਾਜਨਕ ਤੇ ਗੁਰਇਤਿਹਾਸ ਦੇ ਸੱਚ ਤੋਂ ਸੱਖਣੀ ਜਾਣਕਾਰੀ ਸਿੱਖ ਸੰਗਤਾਂ ਲਈ ਦੁਚਿਤੀ ਦਾ ਕਾਰਨ ਬਣ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਨ੍ਹਾਂ ਨੂੰ ਸੰਨ 1979 ਵਿਚ ਤਖ਼ਤ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ ਹੋਏ ਦੇਸ਼ ਭਰ ਦੇ ਗ੍ਰੰਥੀਆਂ ’ਚੋਂ ਗੁਰਬਾਣੀ ਦੇ ਸ਼ੁੱਧ ਉਚਾਰਣ ਪੱਖੋਂ ਪਹਿਲੇ ਸਥਾਨ ਦਾ ਇਨਾਮ ਅਤੇ ਸਨਮਾਨ ਬਖ਼ਸ਼ਿਸ਼ ਹੋਇਆ ਸੀ, ਨੇ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਨੇ ਦਮਦਮੀ ਟਕਸਾਲ ਜਥਾ ਭਿੰਡਰਾਂ, ਮਹਿਤਾ ਵਲੋਂ ਪ੍ਰਕਾਸ਼ਤ ‘ਗੁਰਬਾਣੀ ਪਾਠ ਦਰਪਣ’ ਪੁਸਤਕ ਮੁਤਾਬਕ ਪਾਠ-ਭੇਦਾਂ ਦਾ ਅਤਿ ਸੰਵੇਦਨਸ਼ੀਲ ਪੰਥਕ ਮਸਲਾ ਸੱਭ ਤੋਂ ਪਹਿਲਾਂ ਧਿਆਨ ’ਚ ਲਿਆਂਦਾ ਸੀ। ਜਿਨ੍ਹਾਂ ਨੇ ਉਪਰੋਕਤ ਪੁਸਤਕ ’ਚ ਲਿਖਿਆ ਹੈ ਕਿ ਕਰਤਾਰਪੁਰੀ ਬੀੜ ਅਤੇ ਛਾਪੇ ਦਾ ਆਧਾਰ ਬਣ ਰਹੀ ਦਮਦਮੀ ਬੀੜ ਵਿਚ 1500 ਦੇ ਲਗਭਗ ਪਾਠ-ਭੇਦ ਹਨ। ਭਾਵ, ਲਿਖਾਰੀਆਂ ਦੀਆਂ ਸੁਭਾਵਕ ਅਣਗਹਿਲੀਆਂ ਤੇ ਭੁੱਲਾਂ ਕਾਰਨ ਸ਼ਬਦਾਂ ਦੇ ਲਗ-ਮਾਤ੍ਰੀ ਜੋੜਾਂ ਤੇ ਸਰੂਪਾਂ ’ਚ ਫ਼ਰਕ ਹਨ, ਅਜਿਹਾ ਹੋਣ ’ਤੇ ਸੰਨ 1974 ਵਿਚ ਸ਼੍ਰੋਮਣੀ ਕਮੇਟੀ ਨੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਦਰਲੀਆਂ 500 ਪੁਰਾਤਨ ਬੀੜਾਂ ’ਤੇ ਅਧਾਰਿਤ ਲਾਇਬ੍ਰੇਰੀ ਇੰਚਾਰਜ ਰਣਧੀਰ ਸਿੰਘ ਦੀ ਅਗਵਾਈ ’ਚ ਖੋਜ ਕਰਵਾਈ ਤੇ 1976 ’ਚ ਉਸ ਖੋਜ ਕਾਰਜ ਨੂੰ ‘ਪਾਠ-ਭੇਦਾਂ ਦੀ ਸੂਚੀ’ ਵਜੋਂ ਪ੍ਰਕਾਸ਼ਤ ਕੀਤਾ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨਿ੍ਹਆਂ ਅੰਦਰ 5000 ਦੇ ਲਗਭਗ ਪਾਠ-ਭੇਦ ਪ੍ਰਗਟਾਏ ਗਏ ਹਨ। ਗਿਆਨੀ ਜਾਚਕ ਮੁਤਾਬਕ ਫਿਰ ਸੰਨ 1998 ’ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਨੇ ਭਾਈ ਜੋਗਿੰਦਰ ਸਿੰਘ ‘ਤਲਵਾੜਾ’ ਦੀ ਅਗਵਾਈ ਵਿਚ ‘ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਬਣਾ ਕੇ ਖੋਜ ਕਰਵਾਈ, ਉਨ੍ਹਾਂ ਨੇ ਵੀ ਹਜ਼ਾਰਾਂ ਹੀ ਪਾਠ-ਭੇਦਾਂ ਦੀ ਪੁਸ਼ਟੀ ਕੀਤੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-9-4ਡੀ
ਕੈਪਸ਼ਨ : ਵਾਇਰਲ ਵੀਡੀਉ ਦੇ ਲਏ ਗਏ ਸਕਰੀਨ ਸ਼ਾਰਟ ਦੀ ਤਸਵੀਰ।