ਕੋਰੋਨਾ ਵੈਕਸੀਨ 'ਚ ਕਮੀ ਆਉਣ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਨੂੰ ਠਹਿਰਾਇਆ ਜ਼ਿੰਮੇਵਾਰ
ਹੋਰ ਵੈਕਸੀਨ ਨੂੰ ਵੀ ਫਾਸਟ ਟਰੈਕ ਤਰੀਕੇ ਨਾਲ ਅਪ੍ਰੂਵਰਲ ਦਿੱਤਾ ਜਾਣਾ ਚਾਹੀਦਾ। ਨਾਲ ਹੀ ਜਿਸ ਨੂੰ ਲੋੜ ਹੋਵੇ ਵੈਕਸੀਨ ਲਗਵਾ ਸਕੇ, ਅਜਿਹੀ ਵਿਵਸਥਾ ਸ਼ੁਰੂ ਕਰਨ ਦੀ ਲੋੜ ਹੈ।
ਚੰਡੀਗੜ੍ਹ: ਕੋਰੋਨਾ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹਾਂਮਾਰੀ ਨਾਲ ਲੜਨ ਲਈ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਸਖ਼ਤ ਫ਼ੈਸਲਿਆਂ ਬਾਰੇ ਸੋਨੀਆ ਗਾਂਧੀ ਨੂੰ ਜਾਣੂ ਕਰਵਾਇਆ। ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਦੇਸ਼ ਭਰ ਵਿਚ ਕੋਰੋਨਾ ਟੀਕਿਆਂ ਦੀ ਘਾਟ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮਹਾਰਾਸ਼ਟਰ, ਓਡੀਸ਼ਾ, ਆਂਧ੍ਰ ਪ੍ਰਦੇਸ਼, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ, ਛੱਤੀਸਗੜ੍ਹ, ਬਿਹਾਰ ਸਮੇਤ ਕਈ ਸੂਬਿਆਂ 'ਚ ਕੋਰੋਨਾ ਵੈਕਸੀਨ ਦੀ ਕਮੀ ਹੋ ਗਈ ਹੈ। ਇਕ ਦਿਨ ਪਹਿਲਾਂ ਹੀ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੋਵਿਡ-19 ਵੈਕਸੀਨ ਦੀ ਨਿਰਯਾਤ 'ਤੇ ਤਤਕਾਲ ਰੋਕ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਆਪਣੇ ਪੱਤਰ 'ਚ ਇਹ ਵੀ ਕਿਹਾ ਕਿ ਹੋਰ ਵੈਕਸੀਨ ਨੂੰ ਵੀ ਫਾਸਟ ਟਰੈਕ ਤਰੀਕੇ ਨਾਲ ਅਪ੍ਰੂਵਰਲ ਦਿੱਤਾ ਜਾਣਾ ਚਾਹੀਦਾ। ਨਾਲ ਹੀ ਜਿਸ ਨੂੰ ਲੋੜ ਹੋਵੇ ਵੈਕਸੀਨ ਲਗਵਾ ਸਕੇ, ਅਜਿਹੀ ਵਿਵਸਥਾ ਸ਼ੁਰੂ ਕਰਨ ਦੀ ਲੋੜ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਮੌਜੂਦਾ ਹਾਲਾਤ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਦੇ ਦੋਸ਼ ਲਾਏ।
ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਪਲਾਈ ਦਾ ਸਮਾਂ-ਤੈਅ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧ ਨੂੰ ਪੱਤਰ ਲਿਖਿਆ ਹੈ। ਦੱਸ ਦਈਏ ਕਿ ਇਸ ਮੀਟਿੰਗ ਦੌਰਾਨ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਸੂਬਿਆਂ ਵਿਚ ਕੋਵਿਡ19 ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੀਟਿੰਗ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਲ ਸਨ।