ਇੰਗਲੈਂਡ ਤੋਂ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਮੰਗਵਾਉਣ ਮੁੱਖ ਮੰਤਰੀ ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਇੰਗਲੈਂਡ ਤੋਂ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਮੰਗਵਾਉਣ ਮੁੱਖ ਮੰਤਰੀ ਭਗਵੰਤ ਮਾਨ

image

ਚੰਡੀਗੜ੍ਹ, 9 ਅਪ੍ਰੈਲ (ਸੁਰਜੀਤ ਸਿੰਘ ਸੱਤੀ) : ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਗਵੰਤ ਮਾਨ ਦੀ ਸ਼ਹੀਦਾਂ ਪ੍ਰਤੀ ਸੋਚ ਦੀ ਸ਼ਲਾਘਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਚ.ਸੀ. ਅਰੋੜਾ ਨੇ ਉਨ੍ਹਾਂ ਨੂੰ ਇਕ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਇੰਗਲੈਂਡ ਤੋਂ ਸ਼ਹੀਦ ਊਧਮ ਸਿੰਘ ਦੀਆਂ ਵਸਤਾਂ ਵਾਪਸ ਭਾਰਤ ਖਾਸਕਰ ਪੰਜਾਬ ਲਿਆਂਦੀਆਂ ਜਾਣ। 
ਅਰੋੜਾ ਨੇ ਪੱਤਰ ਵਿਚ ਕਿਹਾ ਹੈ ਕਿ ਇਸ ਮੰਗ ਨੂੰ ਲੈ ਕੇ ਉਨ੍ਹਾਂ ਹਾਈਕੋਰਟ ਵਿਚ ਇਕ ਲੋਕਹਿਤ ਪਟੀਸ਼ਨ ਵੀ ਦਾਖ਼ਲ ਕੀਤੀ ਸੀ ਕਿ ਕੇਂਦਰ ਸਰਕਾਰ ਇਹ ਮਾਮਲਾ ਯੂਕੇ ਸਰਕਾਰ ਨਾਲ ਚੁੱਕੇ ਤੇ ਸ਼ਹੀਦ ਊਧਮ ਸਿੰਘ, ਜਿਨ੍ਹਾਂ ਨੂੰ ਸ਼ਹੀ ਮੋਹੰਮਦ ਸਿੰਘ ਆਜ਼ਾਦ ਵਜੋਂ ਵੀ ਜਾਣਿਆ ਜਾਂਦਾ ਹੈ, ਦੀਆਂ ਵਸਤਾਂ ਵਾਪਸ ਭਾਰਤ ਲਿਆਉਣ ਦੇ ਉਪਰਾਲੇ ਕੀਤੇ ਜਾਣ। 
ਇਹ ਮੰਗ ਕੀਤੀ ਗਈ ਸੀ ਕਿ ਸਾਕਾ ਜਲ੍ਹਿਆਂ ਵਾਲਾ ਬਾਗ ਦੇ ਤਿੰਨ ਸੌ ਸਾਲਾ ਸਮਾਗਮ ਤੋਂ ਪਹਿਲਾਂ ਇਹ ਵਸਤਾਂ ਵਾਪਸ ਲਿਆਈਆਂ ਜਾਣ ਤਾਂ ਜੋ ਸ਼ਹਾਦਤ ਦਿਹਾੜੇ ਮੌਕੇ ਇਕ ਤਰ੍ਹਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਸਕਣ ਪਰ ਉਦੋਂ ਤਕ ਅਜਿਹਾ ਸੰਭਵ ਨਹੀਂ ਹੋ ਸਕਿਆ। ਅਰੋੜਾ ਦਾ ਕਹਿਣਾ ਹੈ ਕਿ ਹਾਲਾਂਕਿ ਉਸ ਵੇਲੇ ਭਾਰਤ ਸਰਕਾਰ ਦੇ ਵਕੀਲ ਨੇ ਹਾਈਕੋਰਟ ਨੂੰ ਭਰੋਸਾ ਦਿਵਾਇਆ ਸੀ ਕਿ ਅਜਿਹੇ ਜਰੀਏ ਤਲਾਸ਼ੇ ਜਾਣਗੇ, ਜਿਸ ਨਾਲ ਆਪਸੀ ਸਹਿਮਤੀ ਬਣਾ ਕੇ ਯੂਕੇ ਸਰਕਾਰ ਕੋਲੋਂ ਇਹ ਵਸਤਾਂ ਭਾਰਤ ਮੰਗਵਾਈਆਂ ਜਾ ਸਕਣ ਪਰ ਅਜੇ ਤੱਕ ਕੁਝ ਨਹੀਂ ਹੋਇਆ। 
ਅਰੋੜਾ ਨੇ ਯਾਦ ਦਿਵਾਇਆ ਕਿ ਹਾਈਕੋਰਟ ਨੇ ਵੀ ਉਮੀਦ ਜਿਤਾਈ ਸੀ ਕਿ ਸਾਕਾ ਜਲ੍ਹਿਆਂਵਾਲਾ ਬਾਗ ਦੀ ਤ੍ਰੈਸ਼ਤਾਬਦੀ ਤੋਂ ਪਹਿਲਾਂ ਕੋਈ ਹਾਂ-ਪੱਖੀ ਨਤੀਜੇ ਸਾਹਮਣੇ ਆਉਣਗੇ ਪਰ ਕੁਝ ਨਹੀਂ ਹੋ ਸਕਿਆ। ਹੁਣ ਐਡਵੋਕੇਟ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਮਾਮਲਾ ਯੂਕੇ ਸਰਕਾਰ ਤੇ ਭਾਰਤ ਸਰਕਾਰ ਨਾ ਚੁੱਕਣ ਦੀ ਮੰਗ ਕੀਤੀ ਹੈ ਕਿ ਉਥੋਂ ਸ਼ਹੀਦ ਊਧਮ ਸਿੰਘ ਦੀ ਪਿਸਤੌਲ, ਚਾਕੂ ਤੇ ਡਾਇਰੀ ਵਾਪਸ ਲਿਆਂਦੀ ਜਾਵੇ। ਜਲ੍ਹਿਆਂ ਵਾਲਾ ਬਾਗ ਸਾਕਾ ਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ ਇੰਗਲੈਂਡ ਗਏ ਤੇ ਉਥੇ ਜਨਰਲ ਉਡਵਾਇਰ ਨੂੰ ਮਾਰਿਆ ਸੀ ਤੇ ਇਸੇ ਮਾਮਲੇ ਵਿਚ ਇੰਗਲੈਂਡ ਪੁਲਿਸ ਨੇ ਸ਼ਹੀਦ ਊਧਮ ਸਿੰਘ ਦੀਆਂ ਉਕਤ ਵਸਤਾਂ ਕੇਸ ਦੀ ਜਾਂਚ ਲਈ ਆਪਣੇ ਕੋਲ ਰੱਖੀਆਂ ਸੀ ਤੇ ਹੁਣ ਇਨ੍ਹਾਂ ਵਸਤਾਂ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਵਲੋਂ ਯੂਕੇ ਸਰਕਾਰ ਨੂੰ ਬੇਨਤੀ ਕੀਤੀ ਜਾਣੀ ਚਾਹੀਦੀ ਹੈ ਕਿ ਸ਼ਹੀਦ ਊਧਮ ਸਿੰਘ ਦੀਆਂ ਇਨ੍ਹਾਂ ਵਸਤਾਂ ਨੂੰ ਵਾਪਸ ਦੇਣ ਲਈ ਜੇਕਰ ਕਿਸੇ ਨੀਤੀ ਵਿਚ ਸੋਧ ਕਰਨ ਦੀ ਲੋੜ ਹੈ ਤਾਂ ਉਹ ਵੀ ਕਰਵਾਈ ਜਾਵੇ।