ਪ੍ਰਧਾਨ ਬਣਾਉਣ ‘ਤੇ ਰਾਜਾ ਵੜਿੰਗ ਨੇ ਕਾਂਗਰਸ ਹਾਈਕਮਾਨ ਦਾ ਕੀਤਾ ਧੰਨਵਾਦ
'ਸਭ ਨੂੰ ਨਾਲ ਲੈ ਕੇ ਕਰਾਂਗਾ ਕੰਮ’
ਚੰਡੀਗੜ੍ਹ : ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ‘ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਦੀ ਇਸ ਵੱਡੀ ਜ਼ਿੰਮੇਵਾਰੀ ਨੂੰ ਦਿੱਤੇ ਜਾਣ ‘ਤੇ ਮੈਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਾ ਹਾਂ।
ਵਿਧਾਇਕ ਵੜਿੰਗ ਨੇ ਕਿਹਾ ਕਿ ਮੈਂ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਪਾਰਟੀ ਦੇ ਹਰ ਵਰਕਰ ਅਤੇ ਆਗੂ ਨੂੰ ਨਾਲ ਲੈ ਕੇ ਕੰਮ ਕਰਨ ਦਾ ਵਾਅਦਾ ਕਰਦਾ ਹਾਂ। ਉਹਨਾਂ ਕਿਹਾ ਸਾਡੀ ਪਾਰਟੀ ਦੇ ਦੇਸ਼ ਅਤੇ ਦੇਸ਼ਵਾਸੀਆਂ ਪ੍ਰਤੀ ਸੇਵਾ ਸੰਕਲਪ ਨੂੰ ਸਮਰਪਿਤ ਪ੍ਰਧਾਨ ਸੋਨੀਆ ਗਾਂਧੀ ਅਤੇ ਨੌਜਵਾਨ ਆਗੂ ਰਾਹੁਲ ਗਾਂਧੀ ਨੇ ਮੇਰੇ ਵਰਗੇ ਆਮ ਵਰਕਰ ਦੇ ਮੋਢਿਆਂ ਤੇ ਪੰਜਾਬ ਕਾਂਗਰਸ ਦੀ ਅਗਵਾਈ ਨਹੀਂ ਸਗੋਂ ਸਾਰੇ ਵਰਕਰ ਸਾਹਿਬਾਨ ਦੇ ਕਦਮ ਨਾਲ ਕਦਮ ਮਿਲਾ ਕੇ ਜੋ ਚੱਲਣ ਦੀ ਜਿੰਮੇਵਾਰੀ ਪਾਈ ਹੈ।
ਉਸਨੂੰ ਨਿਮਰਤਾ ਨਾਲ ਸਵੀਕਾਰ ਕਰਦਾ ਹੋਇਆ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਹਲੀਮੀ ਅਤੇ ਜਜ਼ਬੇ ਨਾਲ ਕੰਮ ਕਰਦੇ ਹੋਏ ਇਸ ਔਖੇ ਸਮੇਂ ਚ ਵੀ ਪੰਜਾਬ ਵਾਸੀਆਂ ਦੇ ਮਨਾਂ ਵਿਚ ਪਾਰਟੀ ਪ੍ਰਤੀ ਪਿਆਰ ਅਤੇ ਸਨਮਾਨ ਦੀ ਲੌ ਜਗਾਉਣ ਦੀ ਦਿਨ ਰਾਤ ਕੋਸ਼ਿਸ਼ ਕਰਾਂਗਾ। ਮੈਂ ਗਿੱਦੜਬਾਹਾ ਅਤੇ ਪੰਜਾਬ ਦੇ ਲੋਕਾਂ ਦਾ ਉਹਨਾਂ ਦੁਆਰਾ ਦਿੱਤੇ ਵਿਸ਼ਵਾਸ ਅਤੇ ਪਿਆਰ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
ਦੱਸ ਦੇਈਏ ਕਿ ਕਾਂਗਰਸ ਨੇ ਲੰਮੇ ਚਿਰਾਂ ਤੋਂ ਲਾਈਆਂ ਜਾ ਰਹੀਆਂ ਕਿਆਸ ਅਰਾਈਆਂ ਦਾ ਅੰਤ ਕਰਦੇ ਹੋਏ ਅੱਜ ਗਿੱਦੜਬਾਹਾ ਤੋਂ ਵਿਧਾਇਕ ਤੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾ ਦਿੱਤਾ ਹੈ।
ਪ੍ਰਤਾਪ ਬਾਜਵਾ ਨੇ ਵੀ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ਤੇ ਹਾਈਕਮਾਨ ਦਾ ਕੀਤਾ ਧੰਨਵਾਦ
ਪ੍ਰਤਾਪ ਬਾਜਵਾ ਨੇ ਫੇਸਬੁੱਕ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਧੰਨਵਾਦ, ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਹੈ । ਮੈਂ ਪੂਰਨ ਵਿਸ਼ਵਾਸ ਦਿਵਾਉਂਦਾ ਹਾਂ ਕਿ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਡਟ ਕੇ ਖੜ੍ਹਾ ਰਹਾਂਗਾ । ਮੈਂ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਦਾ ਰਹਾਂਗਾ।