ਰਾਜਪਾਲ ਅਤੇ ਮੁੱਖ ਮੰਤਰੀ ਨੇ ਫ਼ਾਜ਼ਿਲਕਾ ਵਿਖੇ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਤ ਕਰਨ ਵਾਲੇ ਅਹਿਮ ਮੁੱਦਿਆਂ ਦਾ ਲਿਆ ਜਾਇਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਰਾਜਪਾਲ ਅਤੇ ਮੁੱਖ ਮੰਤਰੀ ਨੇ ਫ਼ਾਜ਼ਿਲਕਾ ਵਿਖੇ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਤ ਕਰਨ ਵਾਲੇ ਅਹਿਮ ਮੁੱਦਿਆਂ ਦਾ ਲਿਆ ਜਾਇਜ਼ਾ

image

ਫ਼ਾਜ਼ਿਲਕਾ, 9 ਅਪ੍ਰੈਲ (ਸੰਧੂ) : ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਰਾਸਟਰੀ ਸੁਰੱਖਿਆ ਨੂੰ ਪ੍ਰਭਾਵਤ ਕਰਨ ਵਾਲੇ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ਦਾ ਜਾਇਜ਼ਾ ਲੈਣ ਲਈ ਅੱਜ ਫ਼ਾਜਿਲਕਾ ਵਿਖੇ ਕਈ ਮੀਟਿੰਗਾਂ ਕੀਤੀਆਂ। ਇਸ ਮੀਟਿੰਗ ਵਿਚ ਬੀ.ਐਸ.ਐਫ਼., ਇੰਟੈਲੀਜੈਂਸ ਬਿਊਰੋ, ਨਾਰਕੋਟਿਕਸ ਕੰਟਰੋਲ ਬਿਊਰੋ, ਨੈਸਨਲ ਇਨਵੈਸਟੀਗੇਸਨ ਏਜੰਸੀ, ਫ਼ੌਜ ਦੀ ਮਿਲਟਰੀ ਇੰਟੈਲੀਜੈਂਸ ਸਮੇਤ ਕੇਂਦਰ ਸਰਕਾਰ ਦੀਆਂ ਵਿਭਿੰਨ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ, ਮੁੱਖ ਸਕੱਤਰ, ਡੀ.ਜੀ.ਪੀ., ਡਿਪਟੀ ਕਮਿਸਨਰ, ਐਸ.ਐਸ.ਪੀ. ਫ਼ਾਜ਼ਿਲਕਾ ਹਾਜ਼ਰ ਸਨ। ਇਸ ਮੀਟਿੰਗ ਵਿਚ ਸਰਹੱਦੀ ਜ਼ਿਲ੍ਹੇ ਨਾਲ ਸਬੰਧਤ ਰਾਸਟਰੀ ਸੁਰੱਖਿਆ ਨੂੰ ਪ੍ਰਭਾਵਤ ਕਰਨ ਵਾਲੇ ਪ੍ਰਮੁੱਖ ਮੁੱਦਿਆਂ ਨੂੰ ਉਠਾਇਆ ਗਿਆ ਅਤੇ ਸਾਰੀਆਂ ਏਜੰਸੀਆਂ ਨਾਲ ਵਿਸਥਾਰਤ ਚਰਚਾ ਕੀਤੀ ਗਈ।
ਇਸ ਤੋਂ ਪਹਿਲਾਂ ਰਾਜਪਾਲ ਅਤੇ ਮੁੱਖ ਮੰਤਰੀ ਦੋਵਾਂ ਨੇ ਸਰਪੰਚਾਂ ਅਤੇ ਜ਼ਿਲ੍ਹੇ ਦੇ ਹੋਰ ਪ੍ਰਮੁੱਖ ਨਾਗਰਿਕਾਂ ਨਾਲ ਇਕ ਮੀਟਿੰਗ ਨੂੰ ਸੰਬੋਧਨ ਕੀਤਾ, ਇਸ ਉਪਰੰਤ ਦੋਵਾਂ ਨੇ ਇਕ ਪ੍ਰੈਸ ਕਾਨਫ਼ਰੰਸ ਵੀ ਕੀਤੀ। ਰਾਜਪਾਲ ਨੇ ਆਪਣੇ ਸੰਬੋਧਨ ਵਿਚ ਲੋਕਾਂ ਨੂੰ ਸੀਮਾ ਸੁਰੱਖਿਆ ਬਲਾਂ ਦੀਆਂ ‘ਅੱਖਾਂ ਅਤੇ ਕੰਨ’ ਬਣਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਰਹੱਦਾਂ ’ਤੇ ਡਰੋਨਾਂ ਰਾਹੀਂ ਹਥਿਆਰ ਅਤੇ ਗੋਲਾ ਬਾਰੂਦ ਸੁੱਟਣ ਦੀਆਂ ਪਿਛਲੀਆਂ ਘਟਨਾਵਾਂ ਕਾਰਨ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਆਪਣੀ ਭੂਮਿਕਾ ਨਿਭਾਅ ਰਹੇ ਹਨ ਪਰ ਸਥਾਨਕ ਤੌਰ ’ਤੇ ਉਪਲਬਧ ਖ਼ੁਫ਼ਿਆ ਜਾਣਕਾਰੀ ਅਤੇ ਸਹਿਯੋਗ ਸੂਬੇ ਵਿਚ ਹਥਿਆਰਾਂ ਅਤੇ ਨਸੀਲੇ ਪਦਾਰਥਾਂ ਦੀ ਆਮਦ ਨੂੰ ਰੋਕਣ ਵਿੱਚ ਸਹਾਈ ਸਿੱਧ ਹੋ ਸਕਦੇ ਹਨ। 
ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਮਾਮਲਿਆਂ ਵਿਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਭਾਰੀ ਮਾਤਰਾ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਤਸਕੱਰੀ ਲਈ ‘ਛੁਪਾਓ ਅਤੇ ਨਿਪਟਾਓ’ 

ਤਰੀਕੇ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿਚ ਸਰਹੱਦ ਪਾਰ ਤਸਕਰ ਡਰੋਨ ਵਰਗੀ ਉੱਚ ਤਕਨੀਕ ਦੀ ਵਰਤੋਂ ਕਰਕੇ ਖੇਪ ਨੂੰ ਭਾਰਤੀ ਖੇਤਰ ਵਿਚ ਸੁੱਟਦੇ ਹਨ ਜਿਸ ਨੂੰ ਬਾਅਦ ਵਿਚ ਉਨ੍ਹਾਂ ਦੇ ਭਾਰਤੀ ਸਹਿਯੋਗੀਆਂ ਰਾਹੀਂ ਪ੍ਰਾਪਤ ਕਰ ਲਿਆ ਜਾਂਦਾ ਹੈ। ਇਸ ਲਈ, ਇਹ ਉਚਿਤ ਹੈ ਕਿ ਪਿੰਡ ਵਾਸੀਆਂ ਨੂੰ ਪਿੰਡ ਵਿਚ ਆਉਣ ਵਾਲੇ ਸਾਰੇ ਨਵੇਂ ਲੋਕਾਂ ਦੇ ਪਿਛੋਕੜ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਦੇਸ ਵਿਰੋਧੀ ਅਨਸਰਾਂ ਦੁਆਰਾ ਆਪਣੇ ਭੋਲੇਪਣ ਦੀ ਦੁਰਵਰਤੋਂ ਕਰਨ ਦੀ ਕਿਸੇ ਵੀ ਕੋਸ਼ਿਸ਼ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਆਮਦ ਕਿਸੇ ਜੰਗ ਤੋਂ ਘੱਟ ਨਹੀਂ, ਇਹ ਪੰਜਾਬ ਦੇ ਲੋਕਾਂ ’ਤੇ ਘਾਤਕ ਹਮਲਾ ਹੈ। ਇਸ ਨੂੰ ਇਕ ਅਪਰਾਧਿਕ ਗਤੀਵਿਧੀ ਵਜੋਂ ਦੇਖਿਆ ਜਾਂ ਖਾਰਜ ਵੀ ਕੀਤਾ ਜਾ ਸਕਦਾ ਹੈ ਪਰ ਨਸੀਲੇ ਪਦਾਰਥਾਂ ਨੂੰ ਭਾਰਤੀ ਖੇਤਰ ਵਿਚ ਸੁੱਟਣਾ ਗੁਪਤ, ਅਸਿੱਧੇ ਯੁੱਧ ਦੀ ਇਕ ਵਿਆਪਕ ਰਣਨੀਤੀ ਹੈ। ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਜਾਅਲੀ ਕਰੰਸੀ ਜਿਹੇ ਵਿੱਤੀ ਸਾਧਨ ਅਤੇ ਹਥਿਆਰਾਂ ਤੇ ਗੋਲਾ ਬਾਰੂਦ ਵਰਗੀਆਂ ਘਾਤਕ ਸਮੱਗਰੀਆਂ ਵਰਤਮਾਨ ਅਤੇ ਭਵਿੱਖ ਨੂੰ ਨੁਕਸਾਨ ਪਹੁੰਚਾਉਣ ਦੀ ਬਹੁਤ ਜਿਆਦਾ ਸੰਭਾਵਨਾ ਰੱਖਦੇ ਹਨ। ਇਹ ਅੱਡ-ਅੱਡ ਨਹੀਂ, ਪਰ ਇਕ ਵਿਨਾਸ਼ਕ ਏਕੀਕਿ੍ਰਤ, ਯੋਜਨਾਬੱਧ ਰਣਨੀਤੀ ਦੇ ਹਿੱਸੇ ਹਨ। ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਪ੍ਰੇਰਿਤ ਕੀਤਾ ਅਤੇ ਸਰਹੱਦਾਂ ਦੀ ਰਾਖੀ ਲਈ ਉਨ੍ਹਾਂ ਦੀ ਵਚਨਬੱਧਤਾ ਅਤੇ ਬਹਾਦਰੀ ਦੀ ਸ਼ਲਾਘਾ ਵੀ ਕੀਤੀ।