ਵਧੀ ਗਰਮੀ ਕਾਰਨ ਕਣਕ ਦਾ ਝਾੜ ਅੱਧਾ ਰਹਿ ਗਿਆ

ਏਜੰਸੀ

ਖ਼ਬਰਾਂ, ਪੰਜਾਬ

ਵਧੀ ਗਰਮੀ ਕਾਰਨ ਕਣਕ ਦਾ ਝਾੜ ਅੱਧਾ ਰਹਿ ਗਿਆ

IMAGE

 

ਚੰਡੀਗੜ੍ਹ, 9 ਅਪ੍ਰੈਲ (ਭੁੱਲਰ) : ਇਸ ਵੇਲੇ ਨਵੀਂ ਕਣਕ ਦੀ ਫ਼ਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ | ਇਸ ਦੇ ਨਾਲ ਹੀ ਗਰਮੀ ਬੇਹੱਦ ਵੱਧ ਗਈ ਹੈ, ਸਿੱਟੇ ਵਜੋਂ ਕਣਕ ਦਾ ਦਾਣਾ ਜਿਆਦਾ ਗਰਮੀ ਕਾਰਨ ਮਾਜੂ ਹੁੰਦਾ ਜਾ ਰਿਹਾ ਹੈ ਅਤੇ ਕਣਕ ਦਾ ਝਾੜ 40 ਤੋਂ 50 ਫ਼ੀ ਸਦੀ ਘੱਟ ਗਿਆ ਹੈ | ਇਹ ਗੱਲ ਅੱਜ ਇਥੋਂ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਹੀ | ਰਾਜੇਵਾਲ ਨੇ ਕਿਹਾ ਕਿ ਹੁਣ ਤਕ ਹੋਏ ਖ਼ਰਚਿਆਂ ਦਾ ਲੇਖਾ ਕਰਕੇ ਕਣਕ ਦਾ ਘੱਟੋ ਘੱਟ ਭਾਅ 3750 ਰੁਪਏ ਚਾਹੀਦਾ ਹੈ | ਵਧੇ ਖ਼ਰਚਿਆਂ ਅਤੇ ਘਟੇ ਝਾੜ ਕਾਰਨ ਕਿਸਾਨਾਂ ਨੂੰ  ਬਹੁਤ ਵੱਡਾ ਝਟਕਾ ਲੱਗਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਸਥਿਤੀ ਨੂੰ  ਸਮਝਣ ਅਤੇ ਘੋਖਣ ਲਈ ਮਾਹਰਾਂ ਦੀਆਂ ਟੀਮਾਂ ਮੰਡੀਆਂ ਵਿਚ ਭੇਜੇ ਅਤੇ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਘੱਟੋ ਘੱਟ 1500 ਰੁਪਏ ਪ੍ਰਤੀ ਕੁਇੰਟਲ ਐਕਸ ਗ੍ਰੇਸ਼ੀਆ ਗ੍ਰਾਂਟ ਵਜੋਂ ਕਿਸਾਨਾਂ ਨੂੰ  ਅਦਾ ਕਰੇ |
ਉਨ੍ਹਾਂ ਕਿਹਾ ਕਿ ਦੁਨੀਆਂ ਦੀ ਮੰਡੀ ਵਿਚ ਕਣਕ ਦੇ ਭਾਅ ਵੱਧ ਰਹੇ ਹਨ | ਪਰ ਕਿਸਾਨਾਂ ਨੇ ਪਹਿਲਾਂ ਹੀ ਕਰਜਾ ਚੁੱਕ ਕੇ ਖੜ੍ਹੀ ਫ਼ਸਲ ਹੀ ਖਾਧੀ ਹੋਈ ਹੈ | ਸਰਕਾਰ ਨੂੰ  ਅਜਿਹੀ ਕੁਦਰਤੀ ਆਫ਼ਤ ਸਮੇਂ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ |