Punjab News: 1,15,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵਲੋਂ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੀ ਪੁਲਿਸ ਚੌਕੀ ਰਾਮਗੜ੍ਹ ਵਿਖੇ ਤਾਇਨਾਤ ਸੀ ਹੌਲਦਾਰ ਸੁਖਦੇਵ ਸਿੰਘ

VB arrests Head Constable for taking Rs 1,15,000 bribe

Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁਧ ਚੱਲ ਰਹੀ ਮੁਹਿੰਮ ਦੌਰਾਨ ਮੰਗਲਵਾਰ ਨੂੰ ਥਾਣਾ ਜਮਾਲਪੁਰ, ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੀ ਪੁਲਿਸ ਚੌਕੀ ਰਾਮਗੜ੍ਹ ਵਿਖੇ ਮੁੱਖ ਮੁਨਸ਼ੀ ਵਜੋਂ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਨੂੰ ਦੋ ਕਿਸ਼ਤਾਂ ਵਿਚ 1,15,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਨੂੰ ਜਨਕਪੁਰੀ, ਲੁਧਿਆਣਾ ਸ਼ਹਿਰ ਦੇ ਵਸਨੀਕ ਕਪਿਲ ਓਬਰਾਏ ਵਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਹੌਲਦਾਰ ਸੁਖਦੇਵ ਸਿੰਘ ਨੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਚਾਚਾ ਸਕਰੈਪ ਡੀਲਰ ਕੈਲਾਸ਼ ਗਰਗ ਨੂੰ ਪੁਲਿਸ ਚੌਕੀ ਰਾਮਗੜ੍ਹ ਵਿਖੇ ਲਿਆਂਦਾ ਅਤੇ ਚੋਰੀ ਦਾ ਸਕਰੈਪ ਸਮਾਨ ਖਰੀਦਣ ਦੇ ਬਹਾਨੇ ਉਸ ਨੂੰ ਧਮਕੀਆਂ ਦਿਤੀਆਂ ਅਤੇ ਉਸ ਦੇ ਲੜਕੇ ਦੀਪਕ ਗਰਗ ਤੋਂ 65,000 ਅਤੇ 50,000 ਰੁਪਏ ਦੀਆਂ ਦੋ ਕਿਸ਼ਤਾਂ ਵਿਚ 1,15,000 ਰੁਪਏ ਦੀ ਰਿਸ਼ਵਤ ਦੀ ਰਕਮ ਜ਼ਬਰਦਸਤੀ ਲੈ ਲਈ ਅਤੇ ਇਸ ਤੋਂ ਬਾਅਦ ਸਕਰੈਪ ਡੀਲਰ ਕੈਲਾਸ਼ ਗਰਗ ਨੂੰ ਬਿਨਾ ਕਿਸੇ ਕਾਨੂੰਨੀ ਕਾਰਵਾਈ ਕੀਤਿਆਂ ਛੱਡ ਦਿਤਾ।

ਬੁਲਾਰੇ ਨੇ ਅੱਗੇ ਦਸਿਆ ਕਿ ਪੜਤਾਲ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਰਿਹਾਲ ਨਾਮ ਦੇ ਇਕ ਵਿਅਕਤੀ ਦੇ ਰਿਸ਼ਤੇਦਾਰ ਸੋਬੂ ਨੇ ਉਪਰੋਕਤ ਕੈਲਾਸ਼ ਗਰਗ ਨੂੰ ਚੋਰੀ ਸਕਰੈਪ ਦਾ ਸਮਾਨ ਵੇਚਿਆ ਸੀ ਅਤੇ ਇਸ ਸਕਰੈਪ ਵੇਚ ਕੇ ਸੋਬੂ ਨੇ ਉਸ ਪਾਸੋਂ 2,82,000 ਰੁਪਏ ਦੀ ਰਕਮ ਪ੍ਰਾਪਤ ਕੀਤੀ ਸੀ।

ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਉਪਲਬਧ ਬਿਆਨਾਂ ਅਤੇ ਰਿਕਾਰਡਿੰਗਾਂ ਅਨੁਸਾਰ ਉਕਤ ਹੌਲਦਾਰ ਸੁਖਦੇਵ ਸਿੰਘ ਨੇ ਵੀ ਸੋਬੂ ਵਿਰੁਧ ਕਾਨੂੰਨੀ ਕਾਰਵਾਈ ਨਾ ਕਰਨ ਦੇ ਬਹਾਨੇ ਰਿਹਾਲ ਤੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਨੇ ਡੀਲਰ ਕੈਲਾਸ਼ ਗਰਗ ਨੂੰ ਚੋਰੀ ਦਾ ਸਕਰੈਪ ਵੇਚ ਕੇ 2,82,000 ਰੁਪਏ ਲਏ ਸਨ।

ਉਨ੍ਹਾਂ ਦਸਿਆ ਕਿ ਪੜਤਾਲ ਦੌਰਾਨ ਉਕਤ ਮੁਲਾਜ਼ਮ ਸੁਖਦੇਵ ਸਿੰਘ 'ਤੇ ਰਿਸ਼ਵਤ ਦੀ ਰਕਮ ਮੰਗਣ ਅਤੇ ਸਵੀਕਾਰ ਕਰਨ ਦੇ ਦੋਸ਼ ਸਾਬਤ ਹੋ ਗਏ ਹਨ ਅਤੇ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਅਗਲੇਰੀ ਜਾਂਚ ਦੌਰਾਨ ਪੁਲਿਸ ਚੌਕੀ ਰਾਮਗੜ੍ਹ ਦੇ ਇੰਚਾਰਜ ਏ.ਐਸ.ਆਈ. ਬਰਿੰਦਰਜੀਤ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

(For more Punjabi news apart from VB arrests Head Constable for taking Rs 1,15,000 bribe, stay tuned to Rozana Spokesman)