ਇੰਟੈਲਗੇਟ ਪੰਜਾਬ: ਜਾਖੜ ਨੇ ਮੁੱਖ ਮੰਤਰੀ 'ਤੇ ਲਗਾਇਆ ਰਾਜਨੀਤਿਕ ਜਾਸੂਸੀ ਦਾ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੇ ਖੁਫੀਆ ਨੈੱਟਵਰਕ ਦੀ ਦੁਰਵਰਤੋਂ ਦੀ ਜਾਂਚ ਦੀ ਮੰਗ

Intelgate Punjab: Jakhar accuses Chief Minister of political espionage

ਚੰਡੀਗੜ੍ਹ: ਭਾਜਪਾ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਇੱਕ ਸਖ਼ਤ ਸ਼ਬਦਾਂ ਵਿੱਚ ਪੱਤਰ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਭੀਰ ਸੰਵਿਧਾਨਕ ਉਲੰਘਣਾਵਾਂ ਅਤੇ ਸੰਸਥਾਗਤ ਦੁਰਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ ਹੈ |

 ਜਾਖੜ ਨੇ ਮੁੱਖ ਮੰਤਰੀ 'ਤੇ ਸਿਆਸੀ ਜਾਸੂਸੀ ਲਈ ਸੂਬੇ ਦੀ ਖੁਫੀਆ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਆਨ ਰਿਕਾਰਡ ਬਿਆਨ ਵਿੱਚ ਐਲਾਨ ਕੀਤਾ ਸੀ ਕਿ ਮੈਂ ਸਰਕਾਰ ਵਿੱਚ ਹਾਂ, ਮੇਰੇ ਕੋਲ ਖੁਫੀਆ ਜਾਣਕਾਰੀ ਹੈ |
ਜਾਖੜ ਨੇ ਕਿਹਾ ਕਿ ਇਹ ਕੋਈ ਛੋਟੀ ਟਿੱਪਣੀ ਨਹੀਂ ਹੈ ਸਗੋਂ ਰਾਜਨੀਤਿਕ ਵਿਰੋਧੀਆਂ ਦੀ ਨਿਗਰਾਨੀ ਲਈ ਰਾਜ ਦੇ ਖੁਫੀਆ ਨੈੱਟਵਰਕ ਦੀ ਤਾਇਨਾਤੀ ਦੀ ਜਨਤਕ ਸਵੀਕਿ੍ਤੀ ਹੈ, ਜੋ ਕਿ ਲੋਕਤੰਤਰੀ ਨਿਯਮਾਂ ਅਤੇ ਸੰਸਥਾਗਤ ਸ਼ਾਨ ਦਾ ਗੰਭੀਰ ਵਿਗਾੜ ਹੈ |

ਉਨ੍ਹਾਂ ਅੱਗੇ ਕਿਹਾ ਕਿ ਇਸ ਬਿਆਨ ਤੋਂ ਤੁਰੰਤ ਬਾਅਦ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਇੰਟੈਲੀਜੈਂਸ) ਆਰ. ਕੇ. ਜੈਸਵਾਲ ਦਾ ਅਚਾਨਕ ਤਬਾਦਲਾ ਕਰ ਦਿੱਤਾ ਗਿਆ | ਜਾਖੜ ਨੇ ਕਿਹਾ ਕਿ ਇਸਨੂੰ ਇਤਫ਼ਾਕ ਵਜੋਂ ਖਾਰਜ ਨਹੀਂ ਕੀਤਾ ਜਾ ਸਕਦਾ | ਕੀ ਉਸਨੂੰ ਰਾਜਨੀਤਿਕ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਕਰਕੇ ਹਟਾ ਦਿੱਤਾ ਗਿਆ ਸੀ? ਕੀ ਉਹ ਖੁਫੀਆ ਸ਼ਾਖਾ ਨੂੰ ਸੱਤਾਧਾਰੀ ਪਾਰਟੀ ਦੇ ਨਿੱਜੀ ਸੰਦ ਵਿੱਚ ਬਦਲਣ ਦੇ ਦਬਾਅ ਦਾ ਵਿਰੋਧ ਕਰ ਰਿਹਾ ਸੀ?

 ਜਾਖੜ ਨੇ 7-8 ਅਪ੍ਰੈਲ ਦੀ ਰਾਤ ਨੂੰ ਜਲੰਧਰ ਵਿੱਚ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਕਿਵੇਂ ਖੁਫੀਆ ਸਰੋਤਾਂ ਨੂੰ ਰਾਜਨੀਤਿਕ ਜਾਸੂਸੀ ਵੱਲ ਮੋੜਨਾ ਅਸਲ ਖਤਰਿਆਂ ਨੂੰ ਰੋਕਣ ਦੀ ਰਾਜ ਦੀ ਯੋਗਤਾ ਨੂੰ ਕਮਜ਼ੋਰ ਕਰ ਸਕਦਾ ਹੈ |

    ਆਪਣੇ ਪੱਤਰ ਵਿੱਚ, ਜਾਖੜ ਨੇ ਰਾਜਪਾਲ ਨੂੰ ਖੁਫੀਆ ਜਾਣਕਾਰੀ ਦੀ ਦੁਰਵਰਤੋਂ ਅਤੇ ਏਡੀਜੀਪੀ ਨੂੰ ਹਟਾਉਣ ਦੀ ਉੱਚ-ਪੱਧਰੀ ਨਿਆਂਇਕ ਜਾਂ ਸੁਤੰਤਰ ਜਾਂਚ ਦਾ ਆਦੇਸ਼ ਦੇਣ ਦੀ ਅਪੀਲ ਕੀਤੀ | ਉਨ੍ਹਾਂ ਰਾਜਪਾਲ ਨੂੰ ਇਹ ਮਾਮਲਾ ਕੇਂਦਰ ਸਰਕਾਰ ਅਤੇ ਰਾਸ਼ਟਰੀ ਜਾਂਚ ਏਜੰਸੀਆਂ ਕੋਲ ਭੇਜਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦਾ ਇੱਕ ਸੰਵੇਦਨਸ਼ੀਲ ਸਰਹੱਦੀ ਰਾਜ ਹੋਣ ਕਾਰਨ ਇਹ ਸਿਰਫ਼ ਇੱਕ ਰਾਜ ਦਾ ਮੁੱਦਾ ਨਹੀਂ ਸਗੋਂ ਰਾਸ਼ਟਰੀ ਸੁਰੱਖਿਆ ਦਾ ਮਾਮਲਾ     ਹੈ |
    ਇਸ ਸਥਿਤੀ ਨੂੰ ਇੰਟੈਲਗੇਟ ਪੰਜਾਬ ਦੱਸਦਿਆਂ ਜਾਖੜ ਨੇ ਕਿਹਾ ਕਿ ਇਹ ਰਾਜਨੀਤਿਕ ਉਦੇਸ਼ਾਂ ਲਈ ਸੰਸਥਾਗਤ ਕਬਜ਼ੇ ਲਈ ਅਪਣਾਇਆ ਗਿਆ ਇੱਕ ਖ਼ਤਰਨਾਕ ਪੈਟਰਨ ਹੈ |