ਸ਼ਾਹਕੋਟ ਜ਼ਿਮਨੀ ਚੋਣ  ਜ਼ਿਲ੍ਹਾ ਚੋਣ ਅਫ਼ਸਰ ਵਲੋਂ ਈ.ਵੀ.ਐਮ ਮਸ਼ੀਨਾਂ ਦਾ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਤਿਆਰ ਹੋ ਰਹੀਆਂ ਨੇ ਵੋਟਿੰਗ ਮਸ਼ੀਨਾਂ

Verifying Voting Machine

ਜਲੰਧਰ, ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ 28 ਮਈ ਨੂੰ ਹੋਣ ਵਾਲੀ ਸ਼ਾਹਕੋਟ ਉਪ ਚੋਣ ਲਈ  ਸਰਕਾਰੀ ਪੌਲੀਟੈਕਨਿਕ ਕਾਲਜ ਫ਼ਾਰ ਵੂਮੈਨ ਲਾਡੋਵਾਲੀ ਰੋਡ ਵਿਖੇ ਈ.ਵੀ.ਐਮਜ਼ ਦਾ ਜਾਇਜ਼ਾ ਲਿਆ ਗਿਆ।ਡਿਪਟੀ ਕਮਿਸ਼ਨਰ ਵਲੋਂ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਈ.ਵੀ.ਐਮਜ਼ ਨੂੰ ਤਿਆਰ ਕੀਤੇ ਜਾਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਭਾਰਤੀ ਚੋਣ ਕਮਿਸਨ ਵਲੋਂ ਤਾਇਨਾਤ ਮਾਹਰਾਂ ਵਲੋਂ 500 ਬੈਲਟ ਯੂਨਿਟਾਂ, 500 ਕੰਟਰੋਲ ਯੂਨਿਟਾਂ ਅਤੇ 310 ਵੀ.ਵੀ.ਪੈਟ ਮਸ਼ੀਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਮੌਕੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸ਼ਾਹਕੋਟ ਉਪ ਚੋਣ ਲਈ 236 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਵਲੋਂ ਉਪ ਚੋਣ ਨੂੰ ਸ਼ਾਂਤਮਈ ਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਨੇ ਮਸ਼ੀਨਾਂ ਤਿਆਰ ਕਰ ਰਹੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਸ਼ੀਨਾਂ ਨੂੰ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਹੀ ਤਿਆਰ ਕਰ ਲਿਆ ਜਾਵੇ ।ਡਿਪਟੀ ਕਮਿਸ਼ਨਰ ਨੇ ਇਹ ਵੀ ਦਸਿਆ ਕਿ ਹਲਕੇ ਦੇ ਸਾਰੇ ਵੋਟਰਾਂ ਵਲੋਂ ਅਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵਲੋਂ ਵੱਖ-ਵੱਖ ਸਾਧਨਾਂ ਰਾਹੀਂ ਵੋਟ ਪਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਜਿਸ ਵਿਚ ਨਵੇਂ ਬਣੇ ਵੋਟਰਾਂ ਅਤੇ ਨੌਜਵਾਨਾਂ ਵਲ ਵਿਸ਼ੇਸ਼ ਤਵੱਜੋਂ ਦਿਤੀ ਜਾ ਰਹੀ ਹੈ। ਇਸ ਮੌਕੇ ਚੋਣ ਤਹਿਸੀਲਦਾਰ ਰਾਜ ਕੁਮਾਰ ਟਾਂਗਰੀ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਰਜੀਤ ਲਾਲ, ਅਸ਼ੋਕ ਸਹੋਤਾ ਤੇ ਹੋਰ 
ਹਾਜ਼ਰ ਸਨ।