ਅਕਾਲੀ ਦਲ ਤੇ ਚੋਣਾਂ 'ਚ ਦਿੱਲੀ ਕਮੇਟੀ ਦੀਆਂ ਗੱਡੀਆਂ ਤੇ ਸ਼੍ਰੋਮਣੀ ਕਮੇਟੀ ਦਾ ਲੰਗਰ ਵਰਤਣ ਦੇ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਆਕਾਲੀ ਦਲ ਉਤੇ ਬਠਿੰਡਾ ਲੋਕ ਸਭਾ ਹਲਕੇ 'ਚ  ਚੋਣ ਪ੍ਰਚਾਰ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਗੱਡੀਆਂ ਅਤੇ ਸ਼੍ਰੋਮਣੀ ਕਮੇਟੀ ਦਾ ਲੰਗਰ ਵਰਤਣ

ਅਕਾਲੀ ਦਲ ਤੇ ਚੋਣਾਂ 'ਚ ਦਿੱਲੀ ਕਮੇਟੀ ਦੀਆਂ ਗੱਡੀਆਂ ਤੇ ਸ਼੍ਰੋਮਣੀ ਕਮੇਟੀ ਦਾ ਲੰਗਰ ਵਰਤਣ ਦੇ ਦੋਸ਼

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਸ਼੍ਰੋਮਣੀ ਆਕਾਲੀ ਦਲ ਉਤੇ ਬਠਿੰਡਾ ਲੋਕ ਸਭਾ ਹਲਕੇ 'ਚ  ਚੋਣ ਪ੍ਰਚਾਰ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਗੱਡੀਆਂ ਅਤੇ ਸ਼੍ਰੋਮਣੀ ਕਮੇਟੀ ਦਾ ਲੰਗਰ ਵਰਤਣ ਦੇ ਦੋਸ਼ ਲੱਗੇ ਹਨ। ਅੱਜ ਇਹ ਮਾਮਲਾ ਚੋਣ ਕਮਿਸ਼ਨ ਕੋਲ ਚੁਕ ਅਕਾਲੀ ਉਮੀਦਵਾਰਾਂ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਅਯੋਗ ਕਰਾਰ ਦੇ ਕੇ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਦਰਬਾਰ-ਏ-ਖ਼ਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਕਥਾਵਾਚਕ ਹਰਜਿੰਦਰ ਸਿੰਘ ਮਾਝੀ ਅਤੇ ਸ਼੍ਰੋਮਣੀ ਕਮੇਟੀ 'ਚ ਭਰਤੀ ਘਪਲੇ ਦੇ ਪੀੜਤ ਲੋਕਾਂ ਵਲੋਂ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨਾਲ ਮੁਲਕਾਤ ਕਰ ਇਹ ਸ਼ਿਕਾਇਤ ਸੌਂਪੀ ਗਈ ਹੈ ਜਿਸ ਤਹਿਤ ਦਾਅਵਾ ਕੀਤਾ ਗਿਆ ਹੈ ਕਿ ਅਕਾਲੀ ਦਲ (ਬਾਦਲ) ਦੀ ਟਿਕਟ 'ਤੇ ਬਠਿੰਡਾ ਤੋਂ ਚੋਣ ਲੜ ਰਹੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਗੱਡੀਆਂ ਦੀ ਵਰਤੋਂ ਚੋਣ ਪ੍ਰਚਾਰ ਲਈ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਜ਼ਿਕਰ ਬਠਿੰਡਾ ਤੋਂ ਪ੍ਰਮੁੱਖ ਖ਼ਬਰਾਂ ਵਿਚ ਹੋ ਚੁੱਕਾ ਹੈ।

ਉਨ੍ਹਾਂ ਖ਼ਬਰਾਂ ਦੀਆਂ ਕਾਪੀਆਂ ਨਾਲ ਨੱਥੀ ਹਨ। ਇਸ ਤੋਂ ਇਲਾਵਾ ਉਕਤ ਗੱਡੀਆਂ ਦੀਆਂ ਫ਼ੋਟੋਆਂ ਵੀ ਪ੍ਰਮੱਖ ਅਖ਼ਬਾਰਾਂ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਰਾਂਸਪੋਰਟ ਵਿੰਗ ਦੇ ਹਵਾਲੇ ਨਾਲ ਛਪ ਚੁੱਕੀਆਂ ਹਨ। ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਪ੍ਰਧਾਨ ਹੋਣ ਕਰ ਕੇ ਚੋਣ ਰੈਲੀਆਂ ਵਿਚ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਵੀ ਮੰਗਵਾਇਆ ਜਾਂਦਾ ਹੈ। ਚੋਣ ਰੈਲੀਆਂ ਵਿਚ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਅਤੇ ਗੁਰਦੁਆਰਾ ਕਮੇਟੀ ਦੀਆਂ ਗੱਡੀਆਂ ਦੀ ਵਰਤੋਂ ਬਠਿੰਡਾ ਦੀ ਚੋਣ ਰੈਲੀ ਵਿਚ ਸਾਹਮਣੇ ਆ ਗਈਆਂ ਹਨ।

ਬਠਿੰਡਾ ਰੈਲੀ ਵਿਚ ਦਿੱਲੀ ਕਮੇਟੀ ਦੀਆਂ ਦੋ ਗੱਡੀਆਂ ਡੀ. ਐੱਲ 12 ਸੀ.ਡੀ. 1412 ਅਤੇ ਡੀ. ਐੱਲ. 8 ਸੀ.ਏ.ਆਰ. 5515 ਦੀ ਵਰਤੋਂ ਕਰਨ ਦੇ ਸਬੂਤ ਸਾਹਮਣੇ ਆ ਗਏ ਹਨ। ਦਿੱਲੀ ਗੁਰਦੁਆਰਾ ਕਮਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ 'ਤੇ ਸੁਖਬੀਰ ਬਾਦਲ ਦੀ ਧਿਰ ਦਾ ਕਬਜ਼ਾ ਹੋਣ ਕਰ ਕੇ ਉਹ ਸਹਿਜੇ ਹੀ ਇਨ੍ਹਾਂ ਧਾਰਮਕ ਸਥਨਾਂ ਦੇ ਸਾਧਨਾਂ ਦੀ ਚੋਣਾਂ ਵਿਚ ਵਰਤੋਂ ਖੁੱਲ੍ਹ ਕੇ ਕਰਦੇ ਹਨ। ਸ਼ਿਕਾਇਤ 'ਚ ਕਿਹਾ ਗਿਆ ਕਿ ਹੁਣ ਤਕ ਕੋਈ ਸਬੂਤ ਸਾਹਮਣੇ ਨਾ ਆਉਣ ਕਰ ਕੇ ਸ਼ਾਇਦ ਆਪ ਜੀ ਕੋਲ ਬੇਨਤੀ ਨਾ ਪੁੱਜ ਸਕੀ ਹੋਵੇ।

ਸੁਖਬੀਰ ਵਲੋਂ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਗਿਆ ਸਗੋਂ ਅਣਗਿਣਤ ਵਾਰ ਅਜਿਹੀ ਦੁਰਵਰਤੋਂ ਕੀਤੇ ਜਾਣ ਦਾ ਜ਼ਿਕਰ ਹੁੰਦਾ ਹੈ ਪ੍ਰੰਤੂ ਸਬੂਤ ਸ਼ਾਇਦ ਇਹ ਪੈਦਾ ਹੋਣ ਤੋਂ ਬਚਾਅ ਜਾਂਦੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਵਲੋਂ ਸ਼੍ਰੋਮਣੀ ਕਮੇਟੀ ਵਿਚ ਨੌਕਰੀ ਦਿਵਾਉਣ ਬਦਲੇ ਜ਼ਬਰਦਸਤੀ ਉਗਰਾਹਿਆ ਗਿਆ ਚੋਣ ਫ਼ੰਡ ਵੀ ਇਕ ਵੱਡਾ ਅਪਰਾਧ ਹੈ। ਉੁਕਤ ਵਧੀਕ ਸਕੱਤਰ ਵਲੋਂ ਆਪਣੇ ਇਕਬਾਲ ਵਿਚ ਸੁਖਬੀਰ ਲਈ ਇਕੱਤਰ ਕੀਤੀ ਜਾਣ ਵਾਲ਼ੀ ਰਾਸ਼ੀ ਦਾ ਜ਼ਿਕਰ ਕਰਦਿਆਂ ਨੌਕਰੀ ਪੱਕੀ ਕਰਵਾਉਣ ਦਾ ਲਾਲਚ ਦੇ ਕੇ 44.95 ਲੱਖ ਰੁਪਏ ਉਗਰਾਹੇ ਗਏ ਹਨ

ਤੇ ਉਕਤ ਧਿਰ ਵਲੋਂ ਨੌਕਰੀ ਨਾ-ਮਿਲਣ ਕਰ ਕੇ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਵਲੋਂ ਵਿਸ਼ੇਸ਼ ਸੁਣਵਾਈ ਨਾ ਕੀਤੀ ਜਾਣੀ ਇਸ ਗੱਲ ਦਾ ਪ੍ਰਮਾਣ ਬਣਦੀ ਹੈ ਕਿ ਉਕਤ ਮੀਤ ਸਕੱਤਰ ਨੂੰ ਪਾਰਟੀ ਪ੍ਰਧਾਨ ਦਾ ਇਸ਼ਾਰਾ ਸੀ। ਉਪਰੋਕਤ ਤੱਥਾਂ ਤੋਂ ਲਗਭਗ ਸਪੱਸ਼ਟ ਹੋ ਚੁੱਕਾ ਹੈ ਕਿ ਸੁਖਬੀਰ ਵਲੋਂ ਚੋਣਾਂ ਜਿੱਤਣ ਲਈ ਨਾਜਾਇਜ਼ ਤਰੀਕੇ ਨਾਲ਼ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ।