ਪੰਜਾਬ ਵਿਚ ਚੋਣ ਪ੍ਰਚਾਰ ਤੇਜ਼, ਵਿਕਾਸ ਦੇ ਮੁੱਦੇ ਗ਼ਾਇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀਆਂ 13 ਸੀਟਾਂ ਲਈ ਵੋਟਾਂ 19 ਮਈ ਨੂੰ ਪੈਣੀਆਂ ਹਨ ਅਤੇ ਹੁਣ ਚੋਣ ਪ੍ਰਚਾਰ ਵੀ ਪੂਰੀ ਤਰ੍ਹਾਂ ਭਖ ਗਿਆ ਹੈ

General Election 2019

ਚੰਡੀਗੜ੍ਹ : ਪੰਜਾਬ ਦੀਆਂ 13 ਸੀਟਾਂ ਲਈ ਵੋਟਾਂ 19 ਮਈ ਨੂੰ ਪੈਣੀਆਂ ਹਨ ਅਤੇ ਹੁਣ ਚੋਣ ਪ੍ਰਚਾਰ ਵੀ ਪੂਰੀ ਤਰ੍ਹਾਂ ਭਖ ਗਿਆ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਚੋਣ ਪ੍ਰਚਾਰ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਦੋਵੇਂ ਹੀ ਨੇਤਾ ਵੱਖ ਵੱਖ ਹਲਕਿਆਂ ਵਿਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਭਾਜਪਾ ਦੇ ਦੋ ਸੀਨੀਅਰ ਨੇਤਾ ਨਿਤਿਨ ਗਡਕਰੀ ਅਤੇ ਅਮਿਤ ਸ਼ਾਹ ਵੀ ਪੰਜਾਬ ਦਾ ਗੇੜਾ ਕੱਢ ਚੁਕੇ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਅੱਜ ਤਕ ਚੋਣ ਪ੍ਰਚਾਰ ਵਿਚ ਵਿਕਾਸ ਅਤੇ ਜਨਤਕ ਮੁੱਦੇ ਪੂਰੀ ਤਰ੍ਹਾਂ ਗਾਇਬ ਹਨ।

ਇਕ ਦੂਜੇ ਵਿਰੁਧ ਖੁਲ੍ਹ ਕੇ ਦੂਸ਼ਣਬਾਜ਼ੀ ਹੋ ਰਹੀ ਹੈ। ਇਥੋਂ ਤਕ ਕਿ ਸੀਨੀਅਜ ਨੇਤਾ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਦੀ ਥਾਂ ਨਿਜੀ ਦੂਸ਼ਣਬਾਜ਼ੀ ਕਰ ਕੇ ਲੋਕਾਂ ਨੂੰ ਰੁਝਾਅ ਰਹੇ ਹਨ। ਕਿਧਰੇ ਵੀ ਚੋਣ ਪ੍ਰਚਾਰ ਵਿਚ ਵਿਕਾਸ,ਖ਼ਾਸ ਕਰ ਕੇ ਉਦਯੋਗ, ਵਪਾਰ, ਰੋਜ਼ਗਾਰ, ਕਿਸਾਨੀ, ਪੰਜਾਬ ਦੇ ਪਾਣੀਆਂ, ਸਿਹਤ ਅਤੇ ਸਿਖਿਆ ਵਰਗੇ ਅਹਿਮ ਮੁੱਦਿਆਂ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਰਿਹਾ। ਪਿਛਲੇ ਦਿਨੀਂ ਚੋਣ ਪ੍ਰਚਾਰ ਵਿਚ ਦੋ ਮੁੱਦੇ ਬਰਗਾੜੀ ਗੋਲੀ ਕਾਂਡ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਭਾਰੂ ਰਹੇ। ਦੋ ਹਫ਼ਤਿਆਂ ਤੋਂ ਇਨ੍ਹਾਂ ਮੁੱਦਿਆਂ ਦੀ ਥਾਂ ਹੋਰ ਮੁੱਦਿਆਂ ਨੇ ਲੈ ਲਈ ਪ੍ਰੰਤੂ ਹੁਣ ਫਿਰ ਇਹੀ ਮੁੱਦੇ ਉਭਾਰਨ ਦੀ ਕੋਸ਼ਿਸ਼ ਹੋਣ ਲੱਗੀ ਹੈ।

ਇਸ ਤੋਂ ਇਲਾਵਾ ਅਕਾਲੀ ਦਲ ਵਲੋਂ ਸਿੱਖਾਂ ਦੇ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੇ ਮੁੱਦੇ ਵੀ ਉਠਾਏ ਜਾਣ ਲੱਗੇ ਹਨ।  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਹੁਣ ਅਪਣੀਆਂ ਰੈਲੀਆਂ ਵਿਚ ਪਿੰਡਾਂ ਦੇ ਵਿਕਾਸ ਦਾ ਜ਼ਿਕਰ ਵੀ ਆਉਣ ਲੱਗਾ ਹੈ। ਇਹੀ ਕਾਰਨ ਹੈ ਕਿ ਜਨਤਾ ਦਾ ਇਨ੍ਹਾਂ ਚੋਣਾਂ ਲਈ ਉਤਸ਼ਾਹ ਗ਼ਾÂਬ ਹੈ। ਲੋਕ ਮਹਿਸਸ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਕਿਧਰੇ ਜ਼ਿਕਰ ਤਕ ਨਹੀਂ ਹੋ ਰਿਹਾ। ਹੁਣ ਪੰਜਾਬ ਦੀਆਂ 13 ਸੀਟਾਂ ਲਈ ਪ੍ਰਚਾਰ ਦੇ ਸਿਰਫ਼ 7 ਦਿਨ ਬਚੇ ਅਤੇ ਇਨ੍ਹਾਂ 7 ਦਿਨਾਂ ਵਿਚ ਜਿਥੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਵਿਚ ਰੈਲੀਆਂ ਨੂੰ ਸੰਬੋਧਨ ਕਰਨਗੇ,

ਉਥੇ ਕਾਂਗਰਸ ਦੇ ਹੋਰ ਸੀਨੀਅਰ ਨੇਤਾ ਵੀ ਆਉਣਗੇ। ਨਵਜੋਤ ਸਿੰਘ ਸਿੱਧੂ ਵਲੋਂ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਭਾਜਪਾ ਦੇ ਸੀਨੀਅਰ ਨੇਤਾ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਵਿਚ ਲਗਭਗ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ। ਇਨ੍ਹਾਂ 7 ਦਿਨਾਂ ਵਿਚ ਜਿਥੇ ਨਿਜੀ ਹਮਲੇ ਹੋਰ ਤਿੱਖੇ ਹੋਣਗੇ ਉਥੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਅਤੇ ਸਿੱਖਾਂ ਦੇ ਕਤਲੇਆਮ ਵਰਗੇ ਮੁੱਦੇ ਵੀ ਪ੍ਰਧਾਨ ਮੰਤਰੀ ਵਲੋਂ ਉਠਾਏ ਜਾਣ ਦੀ ਸੰਭਾਵਨਾ ਹੈ। ਹੁਣ ਵੇਖਣਾ ਹੋਵੇਗਾ ਕਿ ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਪੰਜਾਬ ਦੇ ਵਿਕਾਸ ਲਈ ਕੀ ਐਲਾਨ ਕਰਦੇ ਹਨ।