366 'ਸ਼ਰਮਿਕ ਸਪੈਸ਼ਲ ਟਰੇਨਾਂ' ਰਾਹੀਂ 4 ਲੱਖ ਪ੍ਰਵਾਸੀ ਪੁੱਜੇ ਘਰ : ਰੇਲਵੇ

ਏਜੰਸੀ

ਖ਼ਬਰਾਂ, ਪੰਜਾਬ

ਹਰ ਰੇਲ ਗੱਡੀ 'ਤੇ ਆਇਆ 80 ਲੱਖ ਰੁਪਏ ਦਾ ਖ਼ਰਚਾ

ਚੰਡੀਗੜ੍ਹ ਤੋਂ ਪ੍ਰਵਾਸੀ ਮਜ਼ਦੂਰਾਂ ਲਈ ਪਹਿਲੀ ਸ਼ਰਮਿਕ ਟਰੇਨ ਰਵਾਨਾ ਹੋਣ ਤੋਂ ਪਹਿਲਾਂ ਯਾਤਰੀਆਂ ਨੂੰ ਲੰਗਰ ਦਿੰਦੇ ਹੋਏ ਅਧਿਕਾਰੀ ਅਤੇ ਸੇਵਾਦਾਰ। ਫ਼ੋਟੋ : ਸੰਤੋਖ ਸਿੰਘ

ਨਵੀਂ ਦਿੱਲੀ, 10 ਮਈ: ਭਾਰਤੀ ਰੇਲ ਨੇ ਕੋਰੋਨਾ ਵਾਇਰਸ ਦਾ ਪ੍ਰਸਾਰ ਰੋਕਣ ਲਈ ਲਾਗੂ ਤਾਲਾਬੰਦੀ ਕਰ ਕੇ ਦੇਸ਼ ਦੇ ਵੱਖੋ-ਵੱਖ ਹਿੱਸਿਆਂ 'ਚ ਫਸੇ ਲਗਭਗ ਚਾਰ ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਤਕ ਪਹੁੰਚਾਇਆ ਹੈ ਅਤੇ ਇਸ ਲਈ ਇਕ ਮਈ ਤੋਂ 366 ਸ਼ਰਮਿਕ ਸਪੈਸ਼ਲ ਟਰੇਨਾਂ' ਦਾ ਸੰਚਾਲਨ ਕੀਤਾ ਗਿਆ।


ਅਧਿਕਾਰੀਆਂ ਨੇ ਕਿਹਾ ਕਿ 287 ਰੇਲ ਗੱਡੀਆਂ ਅਪਣੀ ਮੰਜ਼ਿਲ ਤਕ ਪੁੱਜ ਚੁਕੀਆਂ ਹਨ, ਜਦਕਿ 79 ਰੇਲ ਗੱਡੀਆਂ ਅਜੇ ਰਸਤੇ 'ਚ ਹਨ।


ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ 287 ਰੇਲ ਗੱਡੀਆਂ 'ਚੋਂ 127 ਰੇਲ ਗੱਡੀਆਂ ਉੱਤਰ ਪ੍ਰਦੇਸ਼ ਲਈ ਸਨ, 87 ਬਿਹਾਰ, 24 ਮੱਧ ਪ੍ਰਦੇਸ਼, 20 ਉੜੀਸਾ, 16 ਝਾਰਖੰਡ, ਚਾਰ ਰਾਜਸਥਾਨ, ਤਿੰਨ ਮਹਾਰਾਸ਼ਟਰ, ਤੇਲੰਗਾਨਾ ਅਤੇ ਪਛਮੀ ਬੰਗਾਲ ਲਈ ਦੋ-ਦੋ ਤੇ ਆਂਧਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਲਈ ਇਕ-ਇਕ ਰੇਲ ਗੱਡੀ ਸੀ।


Ðਰੇਲਵੇ ਨੇ ਵਿਸ਼ੇਸ਼ ਰੇਲ ਗੱਡਆਂ 'ਤੇ ਆਉਣ ਵਾਲੀ ਲਾਗਤ ਦਾ ਐਲਾਨ ਅਜੇ ਤਕ ਨਹੀਂ ਕੀਤਾ ਹੈ ਪਰ ਅਧਿਕਾਰੀਆਂ ਨੇ ਸੰਕੇਤ ਦਿਤੇ ਹਨ ਕਿ ਰੇਲਵੇ ਨੇ ਅਜਿਹੀ ਹਰ ਸੇਵਾ 'ਤੇ ਲਗਭਗ 80 ਲੱਖ ਰੁਪਏ ਖ਼ਰਚ ਕੀਤੇ ਹਨ।


ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਇਨ੍ਹਾਂ ਸੇਵਾਵਾਂ 'ਤੇ ਆਉਣ ਵਾਲੀ ਲਾਗਤ ਸੂਬਿਆਂ ਨਾਲ 85:15 ਦੇ ਅਨੁਪਾਤ 'ਚ ਸਾਂਝੀ ਕੀਤੀ ਜਾਵੇਗੀ।


ਉਧਰ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸਾਰੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਲਈ ਚਲਾਈਆਂ ਜਾਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਦੇ ਸੰਚਾਲਨ ਦੀ ਇਜਾਜ਼ਤ ਦੇਣ ਤਾਕਿ ਫਸੇ ਲੋਕ ਅਗਲੇ ਤਿੰਨ-ਚਾਰ ਦਿਨਾਂ 'ਚ ਅਪਣੇ ਘਰ ਪਹੁੰਚ ਸਕਣ। ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ  ਨੂੰ ਇਸ ਤਰ੍ਹਾਂ ਦੀਆਂ ਰੇਲ ਗੱਡੀਆਂ ਦੀ ਇਜਾਜ਼ਤ ਦੇਣ ਲਈ ਚਿੱਠੀ ਲਿਖਣ ਤੋਂ ਬਾਅਦ ਰੇਲ ਮੰਤਰੀ ਨੇ ਇਹ ਅਪੀਲ ਕੀਤੀ ਹੈ।   (ਪੀਟੀਆਈ)