ਪੰਜਾਬ ਵਿਚ ਨਸ਼ਾ ਤੇ ਅਤਿਵਾਦ ਫੈਲਾਉਣ ਤੋਂ ਬਾਜ਼ ਆਵੇ ਪਾਕਿਸਤਾਨ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਨੂੰ ਸਰਹੱਦ ਪਾਰ ਤੋਂ ਨਸ਼ਾ ਅਤੇ ਅਤਿਵਾਦ ਫੈਲਾਉਣ ਲਈ ਲਗਾਤਾਰ ਕੀਤੇ ਜਾ ਰਹੇ

Photo

ਚੰਡੀਗੜ੍ਹ, 9 ਮਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਨੂੰ ਸਰਹੱਦ ਪਾਰ ਤੋਂ ਨਸ਼ਾ ਅਤੇ ਅਤਿਵਾਦ ਫੈਲਾਉਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਵਿਰੁਧ ਸਖ਼ਤ ਚਿਤਾਵਨੀ ਦਿਤੀ ਹੈ। ਉਨ੍ਹਾਂ ਨੇ ਦ੍ਰਿੜਤਾ ਜ਼ਾਹਰ ਕਰਦਿਆਂ ਆਖਿਆ ਕਿ ਕੋਰੋਨਾ ਵਾਇਰਸ ਸੰਕਟ ਦਰਮਿਆਨ ਵੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਸਰਹੱਦ ਪਾਰ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਪੁਲਿਸ ਵਲੋਂ ਨਸ਼ਿਆਂ ਦੇ ਕਾਰੋਬਾਰ ਵਿਚ ਵੱਡੀ ਮੱਛੀਆਂ ਨੂੰ ਕਾਬੂ ਕਰਨ ਦੇ ਸੰਦਰਭ ਵਿਚ ਮੁੱਖ ਮੰਤਰੀ ਨੇ ਕਿਹਾ, ''ਸਾਨੂੰ ਸੱਭ ਕੁੱਝ ਦਿਸ ਰਿਹਾ ਹੈ ਕਿ ਪਾਕਿਸਤਾਨ ਕਰ ਕੀ ਰਿਹਾ ਹੈ?'' ਲੋਕਾਂ ਨੂੰ ਭਰੋਸਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਫ਼ੋਰਸ ਭਾਵੇਂ ਕੋਵਿਡ ਦੀਆਂ ਡਿਊਟੀਆਂ ਵਿਚ ਕਿੰਨੀ ਵੀ ਰੁੱਝੀ ਕਿਉਂ ਨਾ ਹੋਵੇ, ਸਰਹੱਦ 'ਤੇ ਪੂਰੀ ਨਿਗ੍ਹਾ ਰੱਖ ਰਹੀ ਹੈ।

ਉਨ੍ਹਾਂ ਡੀ.ਜੀ.ਪੀ. ਦਿਨਕਰ ਗੁਪਤਾ ਦੀ ਅਗਵਾਈ ਵਾਲੀ ਪੁਲਿਸ ਫੋਰਸ ਨੂੰ ਵਧਾਈ ਦਿਤੀ ਜਿਨ੍ਹਾਂ ਨੇ ਤਾਜ਼ਾ ਗ੍ਰਿਫ਼ਤਾਰੀਆਂ ਦੇ ਨਾਲ-ਨਾਲ ਹਿਜ਼ਬੁਲ ਮੁਜਾਹੀਦੀਨ ਵਿਰੁਧ ਜੰਮੂ ਕਸ਼ਮੀਰ ਵਲੋਂ ਚਲਾਏ ਆਪਰੇਸ਼ਨਾਂ ਵਿਚ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ ਹਿਲਾਲ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿਤਾ ਜੋ ਹਿਜ਼ਬੁਲ ਮੁਜਾਹੀਦੀਨ ਦਾ ਸਰਗਰਮ ਕਾਰਕੁਨ ਸੀ ਅਤੇ ਪਾਬੰਦੀਸ਼ੁਦਾ ਜਥੇਬੰਦੀ ਦਾ ਕਮਾਂਡਰ ਨਾਇਕੂ ਜਿਸ ਨੂੰ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਹਲਾਕ ਕਰ ਦਿਤਾ ਸੀ, ਦਾ ਨੇੜਲਾ ਸਾਥੀ ਸੀ।

ਪੰਜਾਬ ਅੰਦਰ ਨਸ਼ਿਆਂ ਦੇ ਧੰਦੇ ਦਾ ਲੱਕ ਤੋੜ ਦੇਣ ਬਾਰੇ ਕੀਤੇ ਅਪਣੇ ਵਾਅਦੇ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਣਜੀਤ ਉਰਫ ਚੀਤਾ ਦੀ ਗ੍ਰਿਫ਼ਤਾਰੀ ਨੇ ਇਸ ਨੂੰ ਪ੍ਰਭਾਵੀ ਰੂਪ ਵਿਚ ਸੱਚ ਕਰ ਦਿਖਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਾਰਚ 2017 'ਚ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਪੁਲਿਸ ਵਲੋਂ ਦਹਿਸ਼ਤਗਰਦੀ ਤਾਕਤਾਂ ਨੂੰ ਨੱਥ ਪਾਉਣ ਲਈ ਪੂਰੀ ਚੌਕਸੀ ਨਾਲ ਕੰਮ ਕੀਤਾ ਜਾ ਰਿਹਾ ਹੈ

ਅਤੇ ਹੁਣ ਤਕ ਅਜਿਹੇ 32 ਗ੍ਰੋਹਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ 155 ਦਹਿਸ਼ਤਗਰਦਾਂ/ਕੱਟੜਪੰਥੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਹਥਿਆਰਾਂ, ਜਿਨ੍ਹਾਂ ਵਿਚ ਵਿਦੇਸ਼ਾਂ 'ਚ ਬਣੇ ਹਥਿਆਰ ਅਤੇ ਚੀਨ ਵਿਚ ਬਣੇ ਡਰੋਨ ਸ਼ਾਮਲ ਹਨ, ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ।