ਕੈਪਟਨ ਸਰਕਾਰ ਕੇਂਦਰ ਤੋਂ ਫ਼ੰਡ ਲੈਣ ਦੇ ਤਰੀਕੇ ਹੀ ਨਹੀਂ ਜਾਣਦੀ : ਡਾ. ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਫ਼ੰਡ ਲੈਣ ਦਾ ਤਰੀਕਾ ਹੀ ਨਹੀਂ ਅਤੇ ਸਿਰਫ਼ ਪੱਤਰ ਲਿਖਣ ਜਾਂ ਬਿਆਨਾਂ ਨਾਲ ਫ਼ੰਡ ਨਹੀਂ ਮਿਲਦੇ ਪਰ ਇਹ ਠੋਸ ਪ੍ਰੋਪੋਜ਼ਲ

File Photo

ਚੰਡੀਗੜ੍ਹ, 9 ਮਈ (ਗੁਰਉਪਦੇਸ਼ ਭੁੱਲਰ): ਕੈਪਟਨ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਫ਼ੰਡ ਲੈਣ ਦਾ ਤਰੀਕਾ ਹੀ ਨਹੀਂ ਅਤੇ ਸਿਰਫ਼ ਪੱਤਰ ਲਿਖਣ ਜਾਂ ਬਿਆਨਾਂ ਨਾਲ ਫ਼ੰਡ ਨਹੀਂ ਮਿਲਦੇ ਪਰ ਇਹ ਠੋਸ ਪ੍ਰੋਪੋਜ਼ਲ ਬਣਾ ਕੇ ਹੀ ਕੇਂਦਰ ਸਰਕਾਰ ਨੂੰ ਭੇਜਦੇ। ਅਸੀਂ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਕੇਂਦਰ ਤੋਂ ਫ਼ੰਡ ਲੈ ਆਉਂਦੇ ਸਾਂ।

ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸਪੋਕਸਮੈਨ ਟੀ.ਵੀ. ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪ੍ਰਗਟ ਕੀਤੇ।
4400 ਕਰੋੜ ਰੁਪਏ ਦੇ ਜੀ.ਐਸÊਟੀ. ਦੇ ਬਕਾਏ ਬਾਰੇ ਚੀਮਾ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਇਹ ਰਾਜਾਂ ਦਾ ਹੱਕ ਹੈ, ਕੋਈ ਖ਼ੈਰਾਤ ਨਹੀਂ ਪਰ ਇਕੋ ਸਮੇਂ ਪੂਰਾ ਪੈਸਾ ਦੇਣਾ ਸੰਭਵ ਨਹੀਂ ਹੁੰਦਾ ਕਿਉਂਕਿ ਕੇਂਦਰ ਨੇ ਬਜਟ ਦੇ ਹਿਸਾਬ ਨਾਲ ਸਾਰੇ ਰਾਜਾਂ ਨੂੰ ਪੈਸੇ ਦੇਣੇ ਹੁੰਦੇ ਹਨ।

ਇਸ ਕਰ ਕੇ ਬਕਾਇਆ 'ਚ ਕੁੱਝ ਦੇਰੀ ਜ਼ਰੂਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੂਬਾ ਸਰਕਾਰ ਦੀ ਨਾਲਾਇਕੀ ਹੀ ਹੈ ਕਿ 3 ਸਾਲਾਂ ਦੇ ਸਮੇਂ 'ਚ ਨਵੇਂ ਸਾਧਨ ਨਹੀਂ ਜੁਟਾ ਸਕੀ ਤੇ ਮਾਲੀਆ ਵਸੂਲੀ ਨਹੀਂ ਵਧਾ ਸਕੀ। ਇਸ ਕਾਰਨ ਕੋਰੋਨਾ ਸੰਕਟ ਦੇ ਸ਼ੁਰੂ 'ਚ ਹੀ ਹੁਣ ਖ਼ਜ਼ਾਨਾ ਖ਼ਾਲੀ ਹੋਣ ਦੀਆਂ ਗੱਲਾਂ ਸ਼ੁਰੂ ਕਰ ਦਿਤੀਆਂ ਹਨ।

ਪੰਜਾਬ ਦੇ 31000 ਕਰੋੜ ਰੁਪਏ ਦੇ ਅਨਾਜ ਖਾਤੇ ਦੇ ਪੈਸੇ ਅਤੇ ਇਸ ਉਪਰ ਰਾਜ ਸਰਕਾਰ ਨੂੰ ਭਰਨੇ ਪੈ ਰਹੇ ਭਾਰੀ ਵਿਆਜ ਬਾਰੇ ਅਕਾਲੀ ਆਗੂ ਨੇ ਕਿਹਾ ਕਿ ਹੁਣ ਤਕ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਸ ਨੂੰ ਅਨਾਜ ਸਕੈਂਡਲ ਦਸਦੇ ਰਹੇ ਹਨ ਤੇ ਅਪਣੀ ਸਰਕਾਰ ਆਉਣ ਤੋਂ ਬਾਅਦ ਬੋਲੀ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਾਡੀ ਸਰਕਾਰ ਸਮੇਂ ਤੋਂ ਹੀ ਚਲ ਰਿਹਾ ਹੈ ਅਤੇ ਅਸੀਂ ਵੀ ਪੂਰੇ ਯਤਨ ਕਰਦੇ ਰਹੇ ਹਾਂ ਪਰ ਪੈਸੇ ਦੇ ਹਿਸਾਬ-ਕਿਤਾਬ ਅਤੇ ਰਾਜ ਸਰਕਾਰ ਨੂੰ ਪੈਂਦੇ ਖ਼ਰਚਿਆਂ ਕਾਰਨ ਮਾਮਲਾ ਉਲਝਿਆ ਹੋਇਆ ਹੈ।

ਇਹ ਸਕੈਂਡਲ ਨਹੀਂ ਬਲਕਿ ਹਿਸਾਬ-ਕਿਤਾਬ ਦੇ ਸਹੀ ਮਿਲਾਨ ਨਾ ਹੋਣ ਦਾ ਮਾਮਲਾ ਹੈ ਪਰ ਕਾਂਗਰਸ ਨੇ ਇਸ ਨੂੰ ਸਕੈਂਡਲ ਦਸ ਕੇ ਆਪ ਹੀ ਕੇਸ ਖ਼ਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ 'ਚ ਵੱਡਾ ਕੋਰੋਨਾ ਸੰਕਟ ਹੈ। ਅਜਿਹੇ ਹਾਲਾਤ ਕਦੇ ਪਹਿਲਾਂ ਅਸੀਂ ਵੀ ਨਹੀਂ ਵੇਖੇ। 12 ਬਿਮਾਰੀਆਂ ਪਹਿਲਾਂ ਵੀ ਆਈਆਂ ਪਰ ਉਸ ਸਮੇਂ ਸਮਾਂ ਹੋਰ ਸੀ। ਹੁਣ ਜ਼ਮਾਨਾ ਬਹੁਤ ਬਦਲ ਗਿਆ ਹੈ ਅਤੇ ਸੂਚਨਾ ਤਕਨੀਕ ਦਾ ਯੁੱਗ ਹੈ। ਮਿੰਟਾਂ-ਸਕਿੰਟਾਂ 'ਚ ਸੂਚਨਾ ਇਕ-ਦੂਜੇ ਪਾਸ ਪੁਜਦੀ ਹੈ। ਇਸ ਸਮੇਂ ਰਾਜ ਦੇ ਲੋਕਾਂ 'ਚ ਕੋਰੋਨਾ ਦੀ ਬਹੁਤ ਵੱਡੀ ਦਹਿਸ਼ਤ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਇਸ ਔਖੀ ਘੜੀ ਤੋਂ ਛੇਤੀ ਨਿਜਾਤ ਮਿਲੇ। ਵੱਡੀਆਂ ਵੱਡੀਆਂ ਸਰਕਾਰਾਂ ਕੋਰੋਨਾ ਦੀ ਮਹਾਂਮਾਰੀ ਅੱਗੇ ਗੋਡੇ ਟੇਕ ਰਹੀਆਂ ਹਨ।

ਭਾਰਤ ਲਈ ਤਾਂ ਇਹ ਹੋਰ ਵੀ ਬਹੁਤ ਵੱਡੀ ਚੁਨੌਤੀ ਹੈ ਜਿਥੇ ਮੈਡੀਕਲ ਸਹੂਲਤਾਂ ਦੀ ਬਹੁਤ ਕਮੀ ਹੈ। ਇਸ ਸਮੇਂ ਸੱਭ ਨੂੰ ਇਕਜੁਟ ਹੋ ਕੇ ਇਸ ਸੰਕਟ 'ਚ ਮਿਲ ਕੇ ਲੜਾਈ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਸੰਕਟ 'ਚ ਦੇਸ਼ ਨੂੰ ਚੰਗੀ ਅਗਵਾਈ ਦਿਤੀ ਹੈ ਅਤੇ 4 ਵਾਰ ਸਿੱਧੇ ਤੌਰ 'ਤੇ ਲੋਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਸਖ਼ਤ ਕਦਮ ਲਏ ਹਨ।

ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੇ ਮਾਮਲੇ ਬਾਰੇ ਡਾ. ਚੀਮਾ ਨੇ ਕਿਹਾ ਕਿ ਗ਼ਲਤੀ ਕਿਸੇ ਇਕ ਦੀ ਨਹੀਂ ਬਲਕਿ ਦੋਵੇਂ ਪਾਸਿਉਂ ਕੋਤਾਹੀਆਂ ਹੋਈਆਂ ਹਨ, ਭਾਵੇਂ ਮਹਾਰਾਸ਼ਟਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ। ਸ਼ਰਧਾਲੂਆਂ ਦੇ ਏਕਾਂਤਵਾਸ ਅਤੇ ਹੋਰ ਮੈਡੀਕਲ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਕਿ ਸ਼ਰਧਾਲੂਆਂ ਨੂੰ ਐਸ.ਜੀ.ਪੀ.ਸੀ. ਦੀਆ ਸਰਾਵਾਂ 'ਚ ਰਖਿਆ ਜਾਂਦਾ ਜਿਥੇ ਖਾਣ-ਪੀਣ ਅਤੇ ਰਹਿਣ ਦੇ ਸੱਭ ਪ੍ਰਬੰਧ ਹਨ। ਖ਼ੁਦ ਸ਼੍ਰੋਮਣੀ ਕਮੇਟੀ ਨੇ ਪੇਸ਼ਕਸ਼ ਕੀਤੀ ਸੀ। ਸਰਬ ਪਾਰਟੀ ਮੀਟਿੰਗ 'ਚ ਵੀ ਅਕਾਲੀ ਦਲ ਅਤੇ ਕਮੇਟੀ ਨੇ ਸਰਕਾਰ ਨੂੰ ਪਰੇ ਸਹਿਯੋਗ ਦਾ ਵਾਅਦਾ ਕੀਤਾ ਸੀ ਪਰ ਕੇਂਦਰ 'ਤੇ ਵਿਤਕਰੇ ਦੇ ਦੋਸ਼ ਲਾ ਕੇ ਕਾਂਗਰਸੀਆਂ ਨੇ ਵੱਖੋ-ਵਖਰੀਆਂ ਸੁਰਾਂ ਅਤੇ ਪ੍ਰੋਗਰਾਮ ਰਾਹੀਂ ਸਿਆਸਤ ਸ਼ੁਰੂ ਕਰ ਦਿਤੀ।

ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸ਼ਰਧਾਲੂਆਂ ਨਾਲ ਹੋਰ ਲੋਕਾਂ ਨੂੰ ਸ੍ਰੀ ਹਜ਼ੂਰ ਸਾਹਿਬ 'ਚ ਬਗ਼ੈਰ ਸਾਵਧਾਨੀਆਂ ਤੋਂ ਬੱਸਾਂ 'ਚ ਚੜ੍ਹਾਉਣ ਬਾਰੇ ਡਾ. ਚੀਮਾ ਨੇ ਕਿਹਾ ਕਿ ਸੰਕਟ ਦੀ ਘੜੀ 'ਚ ਬਾਹਰ ਫਸੇ ਪੰਜਾਬੀਆਂ ਦੀ ਮਦਦ ਕਰਨਾ ਕਈ ਗੁਨਾਹ ਨਹੀਂ। ਉਨ੍ਹਾਂ ਦੇ ਹਲਕੇ ਦੇ ਹੀ ਕਈ ਵਿਅਕਤੀ ਸਨ ਜਿਸ ਕਰ ਕੇ ਉਨ੍ਹਾਂ ਮਦਦ ਕਰ ਦਿਤੀ ਪਰ ਸਾਵਧਾਨੀਆਂ ਦਾ ਖ਼ਿਆਲ ਰਖਣਾ ਸਰਕਾਰਾਂ ਦਾ ਕੰਮ ਹੈ।

ਮੈਂ ਸ਼ਰਧਾਲੂਆਂ ਨਾਲ ਹੋਰ ਵਿਅਕਤੀ ਬੱਸਾਂ ਵਿਚ ਚੜ੍ਹਵਾਏ : ਪ੍ਰੋ. ਚੰਦੂਮਾਜਰਾ
ਚੰਡੀਗੜ੍ਹ, 9 ਮਈ (ਗੁਰਉਪਦੇਸ਼ ਭੁੱਲਰ): ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਰਧਾਲੂਆਂ ਨਾਲ ਉਸ ਖੇਤਰ 'ਚ ਫਸੇ ਹੋਰ ਸੈਂਕੜੇ ਵਿਅਕਤੀਆਂ ਨੂੰ ਬਿਨਾਂ ਸਾਵਧਾਨੀਆਂ ਵਰਤੇ ਲਿਆਂਦੇ ਜਾਣ ਦਾ ਪ੍ਰਗਟਾਵਾ ਖ਼ੁਦ ਹੀ ਕਰ ਦਿਤਾ ਹੈ। ਉਨ੍ਹਾਂ ਇਕ ਵੀਡੀਉ ਗੱਲਬਾਤ ਰਾਹੀਂ ਮੰਨਿਆ ਕਿ ਉਨ੍ਹਾਂ ਨੇ ਖ਼ੁਦ ਕਾਫ਼ੀ ਵਿਅਕਤੀਆਂ ਨੂੰ ਸ਼ਰਧਾਲੂਆਂ ਨਾਲ ਭੇਜਣ ਦੇ ਪ੍ਰਬੰਧ ਕੀਤੇ ਜਦਕਿ ਸ੍ਰੀ ਨਾਂਦੇੜ ਸਾਹਿਬ ਬਾਰਡਰ 'ਤੇ ਅਜਿਹੇ ਲੋਕਾਂ ਨੂੰ ਉਥੋਂ ਦੀ ਪੁਲਿਸ ਨੇ ਰਸਤੇ 'ਚ ਰੋਕ ਰਖਿਆ ਸੀ। ਗੁਰਦਵਾਰੇ 'ਚ ਦਾਖ਼ਲ ਹੋਣ ਤੋਂ ਵੀ ਉਨ੍ਹਾਂ ਨੂੰ ਰੋਕਿਆ ਗਿਆ। ਚੰਦੂਮਾਜਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਥੇ ਫਸੇ ਕੁੱਝ ਹੋਰ ਲੋਕਾਂ, ਜਿਨ੍ਹਾਂ 'ਚ ਉਨ੍ਹਾਂ ਦੇ ਖੇਤਰ ਬਲਾਚੌਰ ਅਤੇ ਸਨੌਰ ਦੇ ਵੀ ਲੋਕ ਸਨ, ਨੂੰ ਪੰਜਾਬ ਦੀਆਂ ਬੱਸਾਂ 'ਚ ਚੜ੍ਹਾ ਕੇ ਭੇਜਿਆ। ਉਨ੍ਹਾਂ ਕਿਹਾ ਕਿ ਪੁਲਿਸ ਵਲਂ ਰੋਕੇ ਜਾਣ 'ਤੇ ਉਨ੍ਹਾਂ ਸ਼ਰਦ ਪਵਾਰ ਨਾਲ ਗੱਲ ਕੀਤੀ ਅਤੇ ਇਨ੍ਹਾਂ ਸੱਭ ਲੋਕਾਂ ਨੂੰ ਅਪਣੇ ਰਾਜ ਜਾਣ ਲਈ ਮੁੱਖ ਮੰਤਰੀ ਊਧਵ ਠਾਕਰੇ ਤੋਂ ਪੱਤਰ ਜਾਰੀ ਕਰਵਾਇਆ।