ਕੋਰੋਨਾ ਪਾਜ਼ੇਟਿਵ ਆਈ ਔਰਤ ਦੇ ਪੀੜਤ ਹੋਣ ਦਾ ਸੋਮਾ ਲੱਭਣ 'ਚ ਜੁਟਿਆ ਸਿਹਤ ਵਿਭਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ 'ਚ ਹੁਣ ਤਕ 41 ਪਾਜ਼ੇਟਿਵ ਅਤੇ 78 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ

File Photo

ਬਠਿੰਡਾ, 9 ਮਈ (ਸੁਖਜਿੰਦਰ ਮਾਨ) : ਦੋ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਉਧਮ ਸਿੰਘ ਨਗਰ ਨਾਲ ਸਬੰਧਤ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਮਿਲੀ ਔਰਤ ਨੂੰ ਲੱਗੀ ਲਾਗ ਦਾ ਸੋਮਾ ਲੱਭਣ 'ਚ ਸਿਹਤ ਵਿਭਾਗ ਜੁਟ ਗਿਆ ਹੈ। ਇਸ ਲਈ ਪੁਲਿਸ ਤੇ ਪ੍ਰਸ਼ਾਸਨ ਦੀ ਵੀ ਮਦਦ ਲਈ ਜਾ ਰਹੀ ਹੈ। ਜਦਕਿ ਔਰਤ ਦੇ ਪਰਵਾਰ ਅਤੇ ਉਸ ਦਾ ਮੁੱਢਲਾ ਇਲਾਜ ਕਰਨ ਵਾਲੀ ਮਹਿਲਾ ਆਰ.ਐਮ.ਪੀ ਡਾਕਟਰ ਦੇ ਪਰਵਾਰ ਨੂੰ ਬੀਤੇ ਕਲ ਤੋਂ ਹੀ ਏਕਾਂਤਵਸ ਕੇਂਦਰ 'ਚ ਦਾਖ਼ਲ ਕਰ ਕੇ ਉਨ੍ਹਾਂ ਦੇ ਕੋਰੋਨਾ ਟੈਸਟ ਲਏ ਜਾ ਚੁੱਕੇ ਹਨ।  ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਇੰਨਾਂ ਟੈਸਟਾਂ ਦੀ ਰੀਪੋਰਟ ਨੈਗੇਟਿਵ ਆਈ ਹੈ।

ਦਸਣਾ ਬਣਦਾ ਹੈ ਕਿ ਉਕਤ ਔਰਤ ਕਿਤੇ ਬਾਹਰਲੇ ਵਿਅਕਤੀ ਦੇ ਸੰਪਰਕ ਵਿਚ ਨਹੀਂ ਆਈ ਤੇ ਨਾ ਹੀ ਉਹ ਘਰ ਤੋਂ ਬਾਹਰ ਕਿਸੇ ਹੋਰ ਸ਼ਹਿਰ ਵਿਚ ਗਈ ਹੈ। ਉਂਜ ਜਣੇਪੇ ਕਾਰਨ ਉਸ ਦੀ ਲੜਕੀ ਉਨ੍ਹਾਂ ਦੇ ਪਰਵਾਰ 'ਚ ਹੀ ਰਹਿ ਰਹੀ ਹੈ ਤੇ ਪਤਾ ਚਲਿਆ ਹੈ ਕਿ ਉਸ ਦਾ ਘਰ ਵਾਲਾ ਵੀ ਇਥੇ ਆਇਆ ਹੋਇਆ ਸੀ। ਸਿਹਤ ਵਿਭਾਗ ਵਲੋਂ ਇਸ ਖੇਤਰ ਦੀਆਂ ਦੋ ਗਲੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਕੇ ਵਿਭਾਗ ਦੀਆਂ ਟੀਮਾਂ ਨੂੰ ਘਰ-ਘਰ ਜਾ ਕੇ ਹਰ ਮੈਂਬਰ ਦੀ ਪੜਤਾਲ ਕਰਨ ਲਈ ਕਿਹਾ ਹੋਇਆ ਹੈ।

ਸੂਤਰਾਂ ਮੁਤਾਬਕ ਸੱਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਇਸ ਮਹਿਲਾ ਦੇ ਪਰਵਾਰ ਵਾਲੇ ਸ਼ਹਿਰ ਵਿਚ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ, ਅਜਿਹੀ ਹਾਲਾਤ 'ਚ ਜੇਕਰ ਇਸ ਦੇ ਪਰਵਾਰ ਦਾ ਕੋਈ ਹੋਰ ਮੈਂਬਰ ਪਾਜ਼ੀਟਿਵ ਆ ਗਿਆ ਤਾਂ ਇਹ ਅੱਗੇ ਹੋਰਨਾਂ ਖੇਤਰਾਂ ਵਿਚ ਵੀ ਫੈਲ ਸਕਦਾ ਹੈ।  ਜ਼ਿਕਰਯੋਗ ਹੈ ਕਿ ਹੁਣ ਤਕ ਜ਼ਿਲ੍ਹੇ ਵਿਚ ਆਏ ਕੁਲ 41 ਮਰੀਜ਼ਾਂ ਵਿਚੋਂ 40 ਬਾਹਰਲੇ ਸੂਬਿਆਂ ਤੋਂ ਵਾਪਸ ਪਰਤੇ ਹਨ ਤੇ ਪ੍ਰਸ਼ਾਸਨ ਦੇ ਦਾਅਵੇ ਮੁਤਾਬਕ ਉਨ੍ਹਾਂ ਨੂੰ ਜ਼ਿਲ੍ਹੇ 'ਚ ਦਾਖ਼ਲ ਹੋਣ ਸਮੇਂ ਹੀ ਸਰਕਾਰੀ ਕੇਂਦਰਾਂ ਵਿਚ ਏਕਾਂਤਵਸ ਕਰ ਦਿਤਾ ਗਿਆ ਸੀ।

ਉਧਰ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਘਬਰਾਹਟ ਵਾਲੀ ਕੋਈ ਗੱਲ ਨਹੀਂ, ਉਕਤ ਔਰਤ ਬਿਲਕੁਲ ਠੀਕ ਠਾਕ ਹੈ ਤੇ ਪਰਵਾਰਕ ਮੈਂਬਰ ਵੀ ਵਧੀਆ ਹਾਲਾਤ 'ਚ ਹਨ। ਉਨ੍ਹਾਂ ਕਿਹਾ ਕਿ ਸੋਮਾ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।