ਤੇਜ਼ ਹਨੇਰੀ ਦਾ ਕਹਿਰ, ਗੋਦਾਮ 'ਚ ਬਿਜਲੀ ਡਿੱਗਣ ਕਾਰਨ ਕਣਕ ਨੂੰ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸਵੇਰ ਤੋਂ ਹੀ ਪੰਜਾਬ ਵਿਚ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਅਤੇ ਹਨੇਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

Photo

ਮਲੋਟ- ਅੱਜ ਸਵੇਰ ਤੋਂ ਹੀ ਪੰਜਾਬ ਵਿਚ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਅਤੇ ਹਨੇਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਅਸਮਾਨ ਵਿਚ ਕਾਲੀਆਂ ਘਟਾਵਾਂ ਛਾਅ ਜਾਣ ਨਾਲ ਦਿਨ ਵਿਚ ਹੀ ਰਾਤ ਵਰਗਾ ਮਾਹੌਲ ਬਣ ਗਿਆ। ਇਸੇ ਦੌਰਾਨ ਐਫਸੀਆਈ ਦੇ ਮਲੋਟ ਸਥਿਤ ਗੋਦਾਮ 'ਚ ਅਸਮਾਨੀ ਬਿਜਲੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਬਿਜਲੀ ਡਿੱਗਣ ਕਾਰਨ ਰੈਕ 'ਚ ਲੱਗੀ ਕਣਕ ਨੂੰ ਅੱਗ ਪੈ ਗਈ ਜਿਸ ਨੂੰ ਮੌਕੇ 'ਤੇ ਮੌਜੂਦ ਕਰਮਚਾਰੀਆਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਦੇ ਅਧਿਕਾਰੀ ਤੇ ਕਰਮਚਾਰੀ ਗੁਰਸ਼ਰਨ ਸਿੰਘ, ਗੁਰਪਾਲ ਸਿੰਘ, ਬਿਕਰਮਜੀਤ ਸਿੰਘ, ਲਖਵਿੰਦਰ ਸਿੰਘ ਅਤੇ ਜਗਜੀਤ ਸਿੰਘ ਵੀ ਆਪਣੀ ਗੱਡੀ ਲੈ ਕੇ ਤੁਰੰਤ ਪਹੁੰਚ ਗਏ ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾ ਲਿਆ । 

ਗੋਦਾਮ 'ਚ 2 ਸਟਾਕ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਬਿਜਲੀ ਡਿੱਗਣ ਨਾਲ ਤਰਪਾਲ ਨੂੰ ਅੱਗ ਲੱਗ ਗਈ ਅਤੇ ਅੱਗੋਂ ਅੱਗ ਕਣਕ ਦੇ ਗੱਟਿਆਂ ਨੂੰ ਪੈ ਗਈ। ਕਰਮਚਾਰੀ ਦਿਪਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਹੀ ਨੁਕਸਾਨ ਦਾ ਪੂਰਾ ਵੇਰਵਾ ਦੇਣਗੇ।

ਦੱਸ ਦਈਏ ਕਿ ਇਲਾਕੇ ਵਿਚ ਤੇਜ਼ ਬਾਰਿਸ਼ ਨਾਲ ਗੜੇਮਾਰੀ ਵੀ ਸ਼ੁਰੂ ਹੋ ਗਈ। ਇਸ ਕਾਰਨ ਕਿਸਾਨੀ ਕਾਰਜ ਵੀ ਪ੍ਰਭਾਵਿਤ ਹੋਏ ਹਨ। ਪੰਜਾਬ ਮੋਹਾਲੀ, ਚੰਡੀਗੜ੍ਹ, ਹਰਿਆਣਾ ਸਮੇਤ ਕਈ ਇਲਾਕਿਆਂ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੋਂ ਇਕ ਨਵੀਂ ਪੱਛਮੀ ਗੜਬੜੀ ਉੱਤਰ ਭਾਰਤ ਆ ਰਹੀ ਹੈ। ਇਸ ਦਾ ਅਸਰ ਅਗਲੇ ਦੋ-ਤਿੰਨ ਦਿਨਾਂ ਤੱਕ ਵੇਖਣ ਨੂੰ ਮਿਲੇਗਾ। 

ਜਾਣਕਾਰਾਂ ਅਨੁਸਾਰ 10 ਮਈ ਤੋਂ 12 ਮਈ ਤੱਕ ਮੈਦਾਨਾਂ ਵਿਚ ਥੋੜ੍ਹੇ ਜਿਹੇ ਬੱਦਲ ਛਾਏ ਰਹਿਣ ਅਤੇ ਦੁਪਹਿਰ ਤੋਂ ਬਾਅਦ ਸ਼ਾਮ ਦੇ ਵੇਲੇ ਜਾਂ ਸਵੇਰੇ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 1 ਹਫ਼ਤੇ ਤੱਕ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਅਤੇ ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਦੇ ਪਹਾੜਾਂ ਵਿਚ ਤਾਪਮਾਨ ਲਗਾਤਾਰ ਵਧਦਾ ਰਹੇਗਾ ਪਰ ਲਗਭਗ ਗਰਮੀ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆਵੇਗਾ।