ਸਰਕਾਰ ਅਤੇ ਪਾਰਟੀ ਵਿਚ ਹੀ ਵਿਰੋਧ ਕਾਰਨ ਸ਼ਰਾਬ ਦੀ ਹੋਮ ਡਿਲਿਵਰੀ ਨੂੰ ਲੈ ਕੇ ਫਸਿਆ ਪੇਚ
ਮੰਤਰੀਆਂ ਅਤੇ ਅਧਿਕਾਰੀਆਂ ਦੀ ਪ੍ਰੀ-ਕੈਬਨਿਟ ਮੀਟਿੰਗ ਵੀ ਤਲਖ਼ੀ ਦੇ ਮਾਹੌਲ 'ਚ ਵਿਚਾਲਿਉਂ ਹੋਈ ਖ਼ਤਮ
ਚੰਡੀਗੜ੍ਹ, 9 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਵਲੋਂ ਕੇਂਦਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਰਾਬ ਦੀ ਵਿਕਰੀ ਦੀ ਦਿਤੀ ਆਗਿਆ ਸਬੰਧੀ ਫ਼ੈਸਲੇ ਨੂੰ ਲਾਗੂ ਕਰਨ 'ਚ ਸ਼ਰਾਬ ਦੀ ਆਨਲਾਈਨ ਹੋਮ ਡਿਲਿਵਰੀ ਨੂੰ ਲੈ ਕੇ ਪੇਚ ਫੱਸ ਗਿਆ ਹੈ। ਹੋਮ ਡਿਲਿਵਰੀ ਦਾ ਤਾਂ ਸਰਕਾਰ ਦੇ ਮੰਤਰੀਆਂ ਤੇ ਕਾਂਗਰਸ ਪਾਰਟੀ ਅੰਦਰ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇਦਾਰਾਂ ਵਲੋਂ ਮੰਗੀਆਂ ਜਾ ਰਹੀਆਂ ਵਧੇਰੇ ਛੋਟਾਂ ਦੇਣ ਨੂੰ ਲੈ ਕੇ ਵੀ ਸਰਕਾਰ ਫ਼ੈਸਲਾ ਨਹੀਂ ਕਰ ਪਾ ਰਹੀ ਜਦਕਿ ਸ਼ਰਾਬ 'ਤੇ ਹੋਰਨਾਂ ਰਾਜਾਂ ਦੀ ਤਰਜ਼ 'ਤੇ ਸੈੱਸ ਦੇ ਰੂਪ 'ਚ ਟੈਕਸ ਲਾਉਣ ਬਾਰੇ ਵੀ ਸੋਚਿਆ ਜਾ ਰਿਹਾ ਹੈ।
ਪਰ ਮੁੱਖ ਮੁੱਦਾ ਪਾਰਟੀ ਅੰਦਰ ਹੀ ਇਸ ਸਮੇਂ ਹੋਮ ਡਿਲਿਵਰੀ ਦਾ ਬਣ ਚੁੱਕਾ ਹੈ ਜਿਸ ਕਰ ਕੇ ਅੱਜ ਮੁੱਖ ਮੰਤਰੀ ਵਲੋਂ ਨਿਰਧਾਰਤ ਵੀਡੀਉ ਕਾਨਫ਼ਰੰਸ ਰਾਹੀਂ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ ਵੀ ਦੂਜੀ ਵਾਰੀ ਮੁਲਤਵੀ ਕਰ ਦਿਤੀ ਗਈ ਹੈ ਜੋ ਹੁਣ ਸੋਮਵਾਰ ਨੂੰ ਹੋਵੇਗੀ, ਜਿਸ 'ਚ ਸ਼ਰਾਬ ਦੀ ਵਿਕਰੀ ਦੇ ਮੁੱਦੇ 'ਤੇ ਅੰਤਮ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜੋ ਮੰਤਰੀ ਮੰਡਲ ਦੀ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੀ, 'ਚ ਵੀ ਸ਼ਰਾਬ ਦੀ ਵਿਕਰੀ ਦਾ ਮੁੱਖ ਏਜੰਡਾ ਸ਼ਾਮਲ ਸੀ ਪਰ ਕੁੱਝ ਮੰਤਰੀਆਂ ਵਲੋਂ ਹੋਮ ਡਿਲਿਵਰੀ ਦਾ ਵਿਰੋਧ ਕਰਨ ਅਤੇ ਠੇਕੇਦਾਰਾਂ ਨੂੰ ਦਿਤੀਆਂ ਜਾਣ ਵਾਲੀਆਂ ਛੋਟਾਂ ਨੂੰ ਲੈ ਕੇ ਆਪਸੀ ਸਹਿਮਤੀ ਨਾ ਹੋਣ ਕਾਰਨ ਮੀਟਿੰਗ ਮੁਲਤਵੀ ਕਰ ਦਿਤੀ ਗਈ ਸੀ ਅਤੇ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਮੰਤਰੀਆਂ ਦੀ ਕਮੇਟੀ ਨਾਲ ਮੀਟਿੰਗ ਕਰਨ ਲਈ ਕਿਹਾ ਗਿਆ ਸੀ।
ਅੱਜ ਨਿਰਧਾਰਤ ਪ੍ਰੋਗਰਾਮ ਮੁਤਾਬਕ ਮੰਤਰੀਆਂ ਦੀ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ, ਜਿਸ 'ਚ ਅਧਿਕਾਰੀਆਂ ਨੇ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਪ੍ਰਸਤਾਵ ਰਖਿਆ ਪਰ ਮੰਤਰੀ ਇਸ 'ਤੇ ਪੂਰੀ ਤਰ੍ਹਾਂ ਸਹਿਮਤ ਨਹੀਂ ਸਨ। ਭਾਵੇਂ ਮੰਤਰੀਆਂ ਨੇ ਮੀਟਿੰਗ 'ਚੋਂ ਬਾਹਰ ਆਉਣ ਮਗਰੋਂ ਮੀਡੀਆ ਤੋਂ ਦੂਰੀ ਹੀ ਬਣਾਈ ਰੱਖੀ ਪਰ ਉਨ੍ਹਾਂ ਦੇ ਚਿਹਰਿਆਂ 'ਤੇ ਜ਼ਰੂਰ ਕੁੱਝ ਗੁੱਸਾ ਝਲਕਦਾ ਸੀ।
ਸੁਣਨ 'ਚ ਆਇਆ ਹੈ ਕਿ ਕੁੱਝ ਮੰਤਰੀਆਂ ਦੀ ਉੱਚ ਅਫ਼ਸਰਾਂ ਨਾਲ ਪ੍ਰਸਤਾਵ 'ਤੇ ਚਰਚਾ ਸਮੇਂ ਕਿਹਾ-ਸੁਣੀ ਵੀ ਹੋਈ ਤੇ ਤਲਖ਼ੀ ਦੇ ਮਾਹੌਲ 'ਚ ਮੰਤਰੀ ਮੀਟਿੰਗ ਵਿਚਾਲੇ ਹੀ ਖ਼ਤਮ ਕਰ ਕੇ ਬਾਹਰ ਆ ਗਏ। ਇਸੇ ਦੌਰਾਨ ਸਥਿਤੀ ਨੂੰ ਭਾਂਪਦਿਆਂ ਮੁੱਖ ਮੰਤਰੀ ਨੇ ਵੀ ਹੋਰ ਵਿਚਾਰ ਕਰਨ ਦਾ ਤਰਕ ਦਿੰਦਿਆਂ ਮੰਤਰੀ ਮੰਡਲ ਦੀ ਅੱਜ ਬਾਅਦ ਦੁਪਹਿਰ ਹੋਣ ਵਾਲੀ ਮੀਟਿੰਗ ਸੋਮਵਾਰ ਤਕ ਮੁਲਤਵੀ ਕਰ ਦਿਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਮੰਤਰੀਆਂ ਤੇ ਉੱਚ ਅਧਿਕਾਰੀਆਂ ਦੀ ਮੀਟਿੰਗ 'ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ। ਅਫ਼ਸਰਸ਼ਾਹੀ ਦੇ ਰਵੱਈਏ ਨੂੰ ਵੇਖਦਿਆਂ ਮੀਟਿੰਗ ਵਿਚ ਹੀ ਛੱਡ ਸੱਭ ਤੋ ਪਹਿਲਾਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਾਹਰ ਆਏ।
ਇਕ ਅਧਿਕਾਰੀ ਨੇ ਐਕਸਾਈਜ਼ ਨੀਤੀ ਬਾਰੇ ਸਿੱਧਾ ਹੀ ਪ੍ਰਸਤਾਵ ਪੜ੍ਹਨਾ ਸ਼ੁਰੂ ਕਰ ਦਿਤਾ ਤਾਂ ਇਸ ਤੇ ਮੰਤਰੀ ਗੁੱਸੇ 'ਚ ਆਏ ਤੇ ਕਿਹਾ ਕਿ ਜੇ ਇਸ ਤਰ੍ਹਾਂ ਬਣੇ ਬਣਾਏ ਪ੍ਰਸਤਾਵ ਹੀ ਥੋਪਣੇ ਹਨ ਤਾਂ ਮੀਟਿੰਗ ਕਾਹਦੇ ਲਈ ਰੱਖੀ। ਕਈ ਮੰਤਰੀ ਤਾਂ ਮੁੱਖ ਸਕੱਤਰ ਨੂੰ ਹੀ ਉਸ ਦੇ ਰਵਈਏ ਕਾਰਨ ਪੈ ਨਿਕਲੇ।
ਨਾ-ਕਾਬਲ ਅਫ਼ਸਰਾਂ ਨੂੰ ਹਟਾਇਆ ਜਾਵੇ : ਬਿੱਟੂ
ਪੰਜਾਬ ਦੇ ਕੁੱਝ ਮੰਤਰੀਆਂ ਵਲੋਂ ਅੱਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਰੱਖੀ ਪ੍ਰੀ-ਕੈਬਨਿਟ ਮੀਟਿੰਗ 'ਚੋਂ ਵਿਚਾਲਿਓਂ ਹੀ ਅਫਸਰਸ਼ਾਹੀ ਦੇ ਰਵੱਈਏ ਵਿਰੁਧ ਬਾਹਰ ਆਉਣ 'ਤੇ ਪ੍ਰਤੀਕਿਰਿਆ ਦਿਤੀ ਹੈ। ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਟਵੀਟ ਕਰ ਕੇ ਕਿਹਾ ਕਿ ਕੋਰੋਨਾ ਮਹਾਂਮਾਰੀ ਸੰਕਟ ਸਮੇਂ ਮੰਤਰੀਆਂ ਤੇ ਅਫ਼ਸਰਾਂ 'ਚ ਮਜ਼ਬੂਤ ਤਾਲਮੇਲ ਚਾਹੀਦਾ ਹੈ ਪਰ ਮੰਤਰੀਆਂ ਨੂੰ ਪ੍ਰੀਬਜਟ ਮੀਟਿੰਗ ਵਿਚੇ ਛਡਣੀ ਪਈ। ਉਨ੍ਹਾਂ ਕਿਹਾ ਕਿ ਜਾਂ ਤਾਂ ਅਜਿਹੇ ਨਾਕਾਬਲ ਅਫ਼ਸਰਾਂ ਨੂੰ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ ਜਾਂ ਫਿਰ ਇਨ੍ਹਾਂ ਨੂੰ ਅਹੁਦਿਆਂ ਤੋਂ ਪਾਸੇ ਕਰ ਕੇ ਕਾਬਲ ਤੇ ਯੋਗ ਸਮਰੱਥਾ ਵਾਲਿਆਂ ਨੂੰ ਮੌਕਾ ਦਿਤਾ ਜਾਵੇ।
ਵਿਧਾਇਕ ਰਾਜਾ ਵੜਿੰਗ ਦੀ ਪਤਨੀ ਅਮ੍ਰਿਤ ਵੜਿੰਗ ਮਗਰੋਂ ਹੁਣ ਮੰਤਰੀ ਆਸ਼ੂ ਦੀ ਪਤਨੀ ਮਮਤਾ ਆਈ ਹੋਮ ਡਿਲਿਵਰੀ ਦੇ ਖੁਲ੍ਹ ਕੇ ਵਿਰੋਧ 'ਚ
ਦਿਲਚਸਪ ਗੱਲ ਹੈ ਕਿ ਸ਼ਰਾਬ ਦੀ ਹੋਮ ਡਿਲਿਵਰੀ ਦਾ ਖ਼ੁਦ ਮੰਤਰੀਆਂ ਅਤੇ ਕਾਂਗਰਸ ਆਗੂਆਂ ਵਲੋਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਕਾਂਗਰਸੀ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਪਤਨੀ ਅਮ੍ਰਿਤ ਕੌਰ ਵੜਿੰਗ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵੀ ਅੱਜ ਖੁਲ੍ਹ ਕੇ ਹੋਮ ਡਿਲਿਵਰੀ ਦੇ ਵਿਰੋਧ 'ਚ ਆ ਗਈ। ਮਮਤਾ ਜੋ ਕਿ ਲੁਧਿਆਣਾ 'ਚ ਖ਼ੁਦ ਵੀ ਪਾਰਟੀ ਵਲੋਂ ਕੌਂਸਲਰ ਦੀ ਚੋਣ ਜਿੱਤੇ ਹੋਏ ਹਨ, ਨੇ ਅੱਜ ਟਵੀਟ ਰਾਹੀਂ ਅਪਣਾ ਵਿਰੋਧ ਦਰਜ ਕਰਵਾਉਂਦਿਆਂ ਮੁੱਖ ਮੰਤੀ ਤੋਂ ਹੋਮ ਡਿਲਿਵਰੀ ਦਾ ਫ਼ੈਸਲਾ ਲਾਗੂ ਨਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਿਆਂ ਵਿਰੁਧ ਸਾਡਾ ਮੁੱਖ ਚੋਣ ਮੁੱਦਾ ਸੀ ਅਤੇ ਸ਼ਰਾਬ ਵੀ ਇਕ ਨਸ਼ਾ ਹੀ ਹੈ। ਇਸ ਕਰ ਕੇ ਘਰ ਘਰ ਸ਼ਰਾਬ ਪਹੁੰਚਾਉਣ ਨਾਲ ਗ਼ਲਤ ਸੰਦੇਸ਼ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਹੈ ਕਿ ਆਮ ਲੋਕ ਵੀ ਹੋਮ ਡਿਲਿਵਰੀ ਦੇ ਵਿਰੁਧ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਆਮਦਨਨ ਵਧਾਉਣੀ ਜ਼ਰੂਰੀ ਹੈ ਅਤੇ ਠੇਕੇ ਖੋਲ੍ਹਣ ਦੇ ਉਹ ਵਿਰੁਧ ਨਹੀਂ ਪਰ ਹੋਮ ਡਿਲਿਵਰੀ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਰਾਜਾ ਵੜਿੰਗ ਦੀ ਪਤਨੀ ਅਮ੍ਰਿਤ ਵੀ ਮੁੱਖ ਮੰਤਰੀ ਨੂੰ ਹੋਮ ਡਿਲਿਵਰੀ ਦੇ ਫ਼ੈਸਲੇ 'ਤੇ ਮੁੜ ਵਿਚਾਰ ਦੀ ਮੰਗ ਟਵੀਟ ਰਾਹੀਂ ਕਰ ਚੁੱਕੀ ਹੈ। ਉਨ੍ਹਾਂ ਦੇ ਵਿਧਾਇਕ ਪਤੀ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਮੰਤਰੀਆਂ 'ਚੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸਪੱਸ਼ਟ ਤੌਰ 'ਤੇ ਹੋਮ ਡਿਲਿਵਰੀ ਵਿਰੁਧ ਅਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ। ਹੋਰ ਕਈ ਮੰਤਰੀ ਤੇ ਵਿਧਾਇਕ ਵੀ ਭਾਵੇਂ ਖੁਲ੍ਹ ਕੇ ਬਾਹਰ ਨਹੀਂ ਬੋਲ ਰਹੇ ਪਰ ਅੰਦਰਖਾਤੇ ਉਹ ਵੀ ਹੋਮ ਡਿਲਿਵਰੀ ਨਾ ਕਰਨ ਲਈ ਮੁੱਖ ਮੰਤਰੀ ਨੂੰ ਸਲਾਹ ਦੇ ਰਹੇ ਹਨ। ਹੁਣ ਅੰਤਮ ਫ਼ੈਸਲਾ ਸੋਮਵਾਰ ਦੀ ਮੀਟਿੰਗ 'ਤੇ ਹੀ ਨਿਰਭਰ ਹੈ ਪਰ ਮੌਜੂਦਾ ਸਥਿਤੀ 'ਚ ਹਾਲੇ ਆਗਿਆ ਦੇ ਬਾਵਜੂਦ ਬਹੁਤੀ ਥਾਈਂ ਠੇਕੇ ਨਹੀਂ ਖੁੱਲ੍ਹੇ। ਬਹੁਤੇ ਠੇਕੇਦਾਰ ਵੀ ਹੋਮ ਡਿਲਿਵਰੀ ਦੇ ਵਿਰੁਧ ਹੀ ਹਨ।