ਨਸ਼ਾ ਤਸਕਰ ਰਣਜੀਤ ਸਿੰਘ ਚੀਤਾ ਸਿਰਸਾ ਤੋਂ ਗ੍ਰਿਫ਼ਤਾਰ
ਜਾਬ, ਹਰਿਆਣਾ ਅਤੇ ਐਨ.ਆਈ.ਏ. ਦੀ ਸਾਂਝੀ ਟੀਮ ਨੇ ਅੱਜ ਹਰਿਆਣੇ ਦੇ ਜ਼ਿਲ੍ਹਾ ਸਿਰਸਾ
ਸਿਰਸਾ, 9 ਮਈ (ਸੁਰਿੰਦਰ ਪਾਲ ਸਿੰਘ, ਗੁਰਮੀਤ ਸਿੰਘ ਖ਼ਾਲਸਾ): ਪੰਜਾਬ, ਹਰਿਆਣਾ ਅਤੇ ਐਨ.ਆਈ.ਏ. ਦੀ ਸਾਂਝੀ ਟੀਮ ਨੇ ਅੱਜ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਦੇ ਨਾਲ ਲਗਦੇ ਪਿੰਡ ਬੇਗੂ ਤੋਂ ਨਸ਼ਾ ਤਸਕਰ ਰਣਜੀਤ ਸਿੰੰਘ ਉਰਫ਼ ਚੀਤਾ ਨੂੰ ਉਸ ਦੇ ਭਰਾ ਗਗਨਦੀਪ ਸਿੰਘ ਅਤੇ ਇਕ ਰਿਸ਼ਤੇਦਾਰ ਗੁਰਮੀਤ ਸਿੰਘ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਰਣਜੀਤ ਸਿੰਘ ਚੀਤਾ 532 ਕਿਲੋਗ੍ਰਾਮ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਲੋੜੀਂਦਾ ਸੀ ਅਤੇ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ।
ਸਿਰਸਾ ਦੇ ਡੀ.ਆਈ.ਜੀ. ਅਰੁਣ ਨਹਿਰਾ ਨੇ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਪੁਲਿਸ ਦੀ ਸੰਯੁਕਤ ਟੀਮ ਨੇ ਹਰਿਆਣਾ ਦੇ ਪਿੰਡ ਬੇਗੂ ਵਿਚ ਇਸ ਘਰ ਨੂੰ ਘੇਰਾ ਪਾ ਕੇ ਕਾਰਵਾਈ ਨੂੰ ਅੰਜਾਮ ਦਿਤਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਤਰਨਤਾਰਨ ਜਿਲ੍ਹੇ ਨਾਲ ਸਬੰਧਤ ਅਤੇ ਮਜ਼ਦੂਰ ਪਰਿਵਾਰਾਂ ਦੇ ਪਿਛੋਕੜ ਵਾਲੇ ਇਹ ਦੋਵੇਂ ਸਕੇ ਭਰਾ ਪਹਿਲਾਂ ਤਾਂ ਗ਼ਰੀਬ ਹੀ ਸਨ ਪਰ ਇਸ ਧੰਦੇ ਵਿਚ ਸ਼ਾਮਲ ਹੋਣ ਕਾਰਨ ਇਹ ਜ਼ਮੀਨਾਂ ਸਮੇਤ ਵੱਡੀਆਂ ਬੇਨਾਮੀਆਂ ਜਾਇਦਾਦਾਂ ਦੇ ਮਾਲਕ ਬਣੇ ਹੋਏ ਹਨ। ਇਹ ਨਸ਼ਾ ਤਸਕਰੀ ਦੇ ਹੋਰ ਮਾਮਲਿਆਂ ਵਿਚ ਵੀ ਦੋ-ਤਿੰਨ ਰਾਜਾਂ ਦੀ ਪੁਲਿਸ ਨੂੰ ਲੋੜੀਂਦੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਭਰਾ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ (ਸਾਂਢੂ) ਕੋਲ ਠਹਿਰੇ ਹੋਏ ਸਨ।
ਫਿਲਹਾਲ ਅੰਮ੍ਰਿਤਸਰ ਪੁਲਿਸ ਚੀਤੇ ਅਤੇ ਭਰਾ ਗਗਨ ਨੂੰ ਗ੍ਰਿਫ਼ਤਾਰ ਕਰ ਕੇ ਅਪਣੇ ਨਾਲ ਪੁੱਛ ਪੜਤਾਲ ਲਈ ਲੈ ਗਈ ਹੈ। ਸਿਰਸਾ ਦੇ ਡੀ.ਆਈ.ਜੀ ਡਾ. ਅਰੁਨ ਨਹਿਰਾ ਦਾ ਕਹਿਣਾ ਹੈ ਕਿ ਚੀਤਾ ਅਤੇ ਉਸ ਦਾ ਭਾਈ ਸਿਰਸਾ ਨੇੜਲੇ ਬੇਗੂ ਰੋਡ ਤੇ ਮਕਾਨ ਵਿੱਚ ਅਪਣੇ ਸਾਂਢੂ ਦੇ ਮਕਾਨ ਵਿੱਚ ਸ਼ਰਨ ਲੈ ਕੇ ਛੇ-ਸੱਤ ਮਹੀਨੀਆਂ ਤੋਂ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੇ ਦੋ ਸਾਥੀ ਪਹਿਲਾਂ ਹੀ ਗੁਰਦਾਸਪੁਰ ਜ਼ਿਲ੍ਹੇ ਵਿਚ ਗ੍ਰਿਫਤਾਰ ਹੋ ਚੁੱਕੇ ਹਨ। ਉਹਨਾਂ ਇਹ ਵੀ ਕਿਹਾ ਕਿ ਪੁਲਸ ਇਨਵੈਸਟੀਗੇਸ਼ਨ ਵਿਚ ਇਨ੍ਹਾਂ ਪ੍ਰਮੁੱਖ ਸਮਗਲਰਾਂ ਦੇ ਹਿਜ਼ਬੁਲ ਮੁਜਾਹਦੀਨ ਨਾਲ ਸਬੰਧਾਂ ਦਾ ਪਤਾ ਲਾਇਆ ਜਾਵੇਗਾ।